
ਬਲਾਕ ਹਾਰਟਾ ਬਡਲਾ : 25 ਮਾਰਚ 2025 , ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਅਤੇ ਜ਼ਿਲ੍ਹਾ ਟੀ.ਬੀ ਕੰਟਰੋਲ ਅਫਸਰ ਡਾ.ਸ਼ਕਤੀ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ.ਮਨਪ੍ਰੀਤ ਸਿੰਘ ਬੈਂਸ ਦੀ ਅਗਵਾਈ ਹੇਠ ਸੀ.ਐਚ.ਸੀ ਹਾਰਟਾ ਬਡਲਾ ਵਿਖੇ ਵਿਸ਼ਵ ਤਪਦਿਕ (ਟੀ.ਬੀ) ਦਿਵਸ ਮਨਾਇਆ ਗਿਆ ।
ਇਸ ਮੌਕੇ ਸੰਬੋਧਨ ਕਰਦੇ ਹੋਏ ਡਾ.ਬੈਂਸ ਨੇ ਕਿਹਾ ਕਿ ਰਾਸ਼ਟਰੀ ਤਪਦਿਕ ਅਲੀਮੀਨੇਸ਼ਨ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਵਲੋਂ ਤਪਦਿਕ ਰੋਕਥਾਮ ਦੀ 100 ਦਿਨਾਂ ਟੀ.ਬੀ ਮੁਕਤ ਮੁਹਿੰਮ ਚਲਾਈ ਗਈ ਸੀ ਜੋ ਕਿ 24 ਮਾਰਚ 2025 ਮੁੱਕਮਲ ਹੋਈ ਹੈ। ਉਨਾਂ ਦੱਸਿਆ ਕਿ ਟੀ.ਬੀ ਦੀ ਰੋਕਥਾਮ ਤੇ ਇਲਾਜ ਲਈ ਇਹ ਮਹੱਤਵਪੂਰਨ ਮੁਹਿੰਮ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਦੁਆਰਾ 06 ਦਸੰਬਰ 2024 ਨੂੰ ਸ਼ੁਰੂ ਕੀਤੀ ਗਈ ਜਿਸ ਦਾ ਉਦੇਸ਼ ਟੀ.ਬੀ. ਦੇ ਮਰੀਜ਼ਾਂ ਦੀ ਪਛਾਣ ਕਰਨਾ, ਉਨ੍ਹਾਂ ਨੂੰ ਸਹੀ ਇਲਾਜ ਮੁਹੱਈਆ ਕਰਨਾ ਤੇ ਟੀ.ਬੀ ਦੇ ਪਾਸਾਰ ਨੂੰ ਰੋਕਣ ਦੇ ਨਾਲ ਨਾਲ ਲੋਕਾਂ ਨੂੰ ਜਾਗਰੂਕ ਕਰਨਾ ਸੀ ।
ਉਨਾਂ ਕਿਹਾ ਕਿ ਟੀ.ਬੀ ਹੁਣ ਲਾਇਲਾਜ ਬੀਮਾਰੀ ਨਹੀਂ ਹੈ ਅਤੇ ਇਸਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ, ਇਸ ਲਈ ਮਰੀਜ਼ ਨੂੰ ਹੁਣ ਘਬਰਾਉਣ ਦੀ ਲੋੜ ਨਹੀ ਹੈ ।ਤਪਦਿਕ ਜਾਂ ਟੀ.ਬੀ. (ਟਿਊਬਰਕੁਲੋਸਿਸ) ਇਕ ਛੂਤ ਦੀ ਬਿਮਾਰੀ ਹੈ ਜੋ ‘ਮਾਈਕੋਬੈਕਟੀਰੀਅਮ ਟਿਊਬਰਕੁਲੋਸਿਸ’ ਨਾਮੀ ਬੈਕਟੀਰੀਆ ਕਾਰਨ ਹੁੰਦੀ ਹੈ। ਇਹ ਬੈਕਟੀਰੀਆ ਆਮ ਤੌਰ ‘ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ, ਪਰ ਸਰੀਰ ਦੇ ਹੋਰ ਹਿੱਸਿਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ, ਜਿਵੇਂ ਕਿ ਹੱਡੀਆਂ, ਪਾਚਣ ਪ੍ਰਣਾਲੀ, ਲਿੰਫ ਨੋਡਸ ਆਦਿ । ਟੀ.ਬੀ. ਜਦੋਂ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ ਤਾਂ ਇਸ ਨੂੰ ਫੇਫੜਿਆਂ ਦੀ ਟੀ.ਬੀ. (ਪਲਮਨਰੀ ਟੀ.ਬੀ.) ਕਿਹਾ ਜਾਂਦਾ ਹੈ। ਸਹੀ ਸਮੇਂ’ਤੇ ਇਲਾਜ ਨਾ ਹੋਣ ਕਾਰਨ ਟੀ.ਬੀ. ਸਰੀਰ ਦੇ ਹੋਰ ਹਿੱਸਿਆਂ ‘ਚ ਵੀ ਫੈਲ ਸਕਦੀ ਹੈ, ਜਿਸ ਨੂੰ ਐਕਸਟਰਾਪੁਲਮਨਰੀ ਟੀ.ਬੀ. ਕਿਹਾ ਜਾਂਦਾ ਹੈ। ਇਹ ਬਿਮਾਰੀ ਆਮ ਤੌਰ ‘ਤੇ ਹਵਾ ਰਾਹੀਂ ਫੈਲਦੀ ਹੈ। ਜਦੋਂ ਕੋਈ ਵਿਅਕਤੀ ਖੰਘਦਾ ਜਾਂ ਛਿੱਕਦਾ ਹੈ ਤਾਂ ਬੈਕਟੀਰੀਆ ਦੂਜੇ ਵਿਅਕਤੀ ਦੁਆਰਾ ਸਾਹ ਲੈਣ ‘ਤੇ ਸਰੀਰ ‘ਚ ਜਾ ਸਕਦੇ ਹਨ।ਇਸ ਲਈ ਇਹ ਬਿਮਾਰੀ ਖ਼ਾਸ ਤੌਰ ‘ਤੇ ਜਨਤਕ ਥਾਵਾਂ ‘ਤੇ ਬਹੁਤ ਜ਼ਿਆਦਾ ਫੈਲਦੀ ਹੈ ਜਿੱਥੇ ਲੋਕਾਂ ਦੀ ਭੀੜ ਹੁੰਦੀ ਹੈ। ਉਨਾਂ ਦੱਸਿਆ ਕਿ ਟੀ.ਬੀ. ਦੇ ਲੱਛਣਾਂ ‘ਚ ਖੰਘ, ਬੁਖ਼ਾਰ, ਰਾਤ ਨੂੰ ਪਸੀਨਾ ਆਉਣਾ, ਤੇਜ਼ੀ ਨਾਲ ਭਾਰ ਘਟਣਾ ਤੇ ਸਰੀਰ ‘ਚ ਥਕਾਵਟ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਖੰਘ-ਜਿਹੜੀ ਪਿਛਲੇ ਕੁਝ ਹਫ਼ਤਿਆਂ ਤੋਂ ਜਾਰੀ ਰਹਿੰਦੀ ਹੈ ਤੇ ਕਈ ਵਾਰ ਖੂਨ ਵਾਲੀ ਖੰਘ ਵੀ ਹੋ ਸਕਦੀ ਹੈ।
ਇਸ ਮੌਕੇ ਮੈਡੀਕਲ ਅਫਸਰ ਡਾ.ਕੁਲਵੰਤ ਰਾਏ ਨੇ ਦੱਸਿਆ ਕਿ ਟੀ.ਬੀ. ਦੁਨੀਆ ਭਰ ‘ਚ ਇਕ ਜ਼ਿਆਦਾ ਫੈਲਣ ਵਾਲੀ ਬਿਮਾਰੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਅਨੁਸਾਰ ਟੀ.ਬੀ. ਹਰ ਸਾਲ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਮੌਤ ਦਾ ਕਾਰਨ ਵੀ ਬਣਦੀ ਹੈ। ਰੋਕਥਾਮ ਤੇ ਇਲਾਜ ਸੰਬੰਧੀ ਉਨਾਂ ਦੱਸਿਆ ਕਿ ਟੀ.ਬੀ. ਦਾ ਇਲਾਜ ਜ਼ਰੂਰੀ ਹੈ, ਕਿਉਂਕਿ ਬਿਨਾਂਇਲਾਜ ਦੇ ਇਹ ਬਿਮਾਰੀ ਜੀਵਨ ਲਈ ਖ਼ਤਰਨਾਕ ਹੋ ਸਕਦੀ ਹੈ। ਟੀ.ਬੀ. ਦਾ ਮੁੱਖ ਇਲਾਜ ਐਂਟੀਬਾਇਓਟਿਕ ਦਵਾਈਆਂ ਨਾਲ ਕੀਤਾ ਜਾਂਦਾ ਹੈ । ਜੇਕਰ ਕੋਈ ਵਿਅਕਤੀ ਟੀ.ਬੀ. ਤੋਂ ਪ੍ਰਭਾਵਿਤ ਹੋਵੇ ਤਾਂ ਉਸ ਦੀ ਪਛਾਣ ਤੇ ਇਲਾਜ ਜਲਦ ਕਰਨਾ ਬਹੁਤ ਜ਼ਰੂਰੀ ਹੈ। ਇਸ ਦਾ ਇਲਾਜ ਸਰਕਾਰੀ ਸਿਹਤ ਕੇਂਦਰਾਂ ‘ਚ ਬਿਲਕੁਲ ਮੁਫ਼ਤ ਉਪਲਬਧ ਹੈ। ਟੀ.ਬੀ. ਦੀ ਰੋਕਥਾਮ ਲਈ ਬੀ ਸੀ.ਜੀ ਦਾ ਟੀਕਾ ਨਵਜਨਮੇ ਬੱਚਿਆਂ ਨੂੰ ਸਿਹਤ ਵਿਭਾਗ ਵਲੋਂ ਮੁਫ਼ਤ ਲਗਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸੋਸ਼ਲ ਡਿਸਟੈਸਿੰਗ ,ਹਾਈਜੀਨ ਅਤੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ। ਉਨਾਂ ਕਿਹਾ ਕਿ ਟੀ.ਬੀ ਦਾ ਇਲਾਜ ਲੰਮਾ ਚੱਲ ਸਕਦਾ ਹੈ ਪਰ ਜੇਕਰ ਮਰੀਜ਼ ਸਹੀ ਤਰੀਕੇ ਨਾਲ ਪਾਲਣਾ ਕਰੇ ਤਾਂ ਉਹ ਇਸ ਬੀਮਾਰੀ ਤੌਂ ਜਲਦੀ ਛੁਟਕਾਰਾ ਪਾ ਸਕਦਾ ਹੈ। ਜੇਕਰ ਕਿਸੇ ਨੂੰ ਟੀ.ਬੀ ਦੇ ਲੱਛਣ ਨਜ਼ਰ ਆਉਣ ਤਾਂ ਉਹ ਆਪਣਾ ਟੀ.ਬੀ ਦਾ ਟੈਸਟ ਜ਼ਰੂਰ ਕਰਵਾਏ ਤਾਂ ਜੋ ਸਮੇਂ ਸਿਰ ਇਸ ਬੀਮਾਰੀ ਦਾ ਇਲਾਜ ਹੋ ਸਕੇ। ਇਲਾਜ ਦੇ ਨਾਲ ਨਾਲ ਮਰੀਜ਼ ਨੂੰ ਸਰਕਾਰ ਵਲੋਂ ਹਰ ਮਹੀਨੇ ਆਰਥਿਕ ਮਦਦ ਵੀ ਦਿੱਤੀ ਜਾਂਦੀ ਹੈ। ਇਸ ਮੌਕੇ ਮੈਡੀਕਲ ਅਫਸਰ ਡਾ.ਰੀਚਾ, ਡਾ.ਸੰਦੀਪ ਡਮਾਣਾ (ਡੈਂਟਲ ਅਫਸਰ),ਫਾਰਮੇਸੀ ਅਫਸਰ ਬਲਕਾਰ ਚੰਦ,ਸੰਦੀਪ ਕੌਰ,ਐਸ.ਟੀ.ਐਸ ਭੁਪਿੰਦਰ ਕੌਰ,ਸਤਪਾਲ,ਨਵਦੀਪ ਸਿੰਘ ਅਤੇ ਗੁਰਮੇਲ ਸਿੰਘ ਹਾਜ਼ਰ ਸਨ ।
