ਜ਼ਿਲ੍ਹਾ ਰੋਜ਼ਗਾਰ ਬਿਊਰੋ ਤੇ ਮਾਡਲ ਕਰੀਅਰ ਸੈਂਟਰ ਵਿਖੇ ਮਨਾਇਆ ਗਿਆ ਸੰਸਾਰ ਦਿਵਸ
ਹੁਸ਼ਿਆਰਪੁਰ, 24 ਦਸੰਬਰ ( GBC UPDATE ): ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਦਿਵਿਆਂਗ ਪ੍ਰਾਰਥੀਆਂ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ ਵੱਲੋਂ ਡੀ.ਬੀ.ਈ.ਈ. ਵਿਖੇ ਸੰਸਾਰ ਦਿਵਸ ਮਨਾਇਆ ਗਿਆ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਰਮਨਦੀਪ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਊਰੋ ਵਿੱਚ ਰਜਿਸਟਰਡ ਦਿਵਿਆਂਗ ਪ੍ਰਾਰਥੀਆਂ ਨੂੰ ਫੋਨ ਰਾਹੀਂ ਸੂਚਿਤ ਕਰਕੇ ਦਫ਼ਤਰ ਵਿਖੇ ਬੁਲਾਇਆ ਗਿਆ ਅਤੇ ਅੱਜ 52 ਦਿਵਿਆਂਗ ਪ੍ਰਾਰਥੀਆਂ ਵਲੋਂ ਡੀ.ਬੀ.ਈ.ਈ. ਵਿਖੇ ਸ਼ਮੂਲੀਅਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੰਸਾਰ ਦਿਵਸ ਮਨਾਉਣ ਦਾ ਮੁੱਖ ਮੰਤਵ ਦਿਵਿਆਂਗ ਪ੍ਰਾਰਥੀਆਂ ਲਈ ਚਲਾਈਆਂ ਜਾ ਰਹੀਆਂ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣੂ ਕਰਵਾਉਣਾ ਹੈ।
ਪਲੇਸਮੈਂਟ ਅਫਸਰ ਰਾਕੇਸ਼ ਕੁਮਾਰ ਨੇ ਰੋਜ਼ਗਾਰ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ’ਤੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ (ਐਨ.ਸੀ.ਐਸ.ਸੀ-ਡੀ.ਏ ਲੁਧਿਆਣਾ) ਤੋਂ ਅਸਿਸਟੈਂਟ ਡਾਇਰੈਕਟਰ ਅਸ਼ੀਸ਼ ਕੁਮਾਰ ਕੁੱਲੂ, ਡਾਇਰੈਕਟਰ ਆਰ.ਸੇਟੀ, ਜ਼ਿਲ੍ਹਾ ਉਦਯੋਗ ਕੇਂਦਰ, ਲੀਡ ਜ਼ਿਲ੍ਹਾ ਮੈਨੇਜਰ ਅਤੇ ਐਸ.ਸੀ. ਕਾਰਪੋਰੇਸ਼ਨ ਦਫਤਰ ਦੇ ਨੁਮਾਇੰਦਿਆਂ ਵੱਲੋ ਆਪਣੇ-ਆਪਣੇ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।
ਇਸ ਸੰਸਾਰ ਦਿਵਸ ਦੇ ਮੌਕੇ ਤੇ ਲੁਧਿਆਣਾ ਬੈਵੇਰੇਜਸ (ਕੋਕਾ ਕੋਲਾ ਲਿਮਟਡ) ਹੁਸ਼ਿਆਰਪੁਰ ਅਤੇ ਰਿਲਾਇੰਸ ਇੰਡਸਟਰੀਜ਼ ਚੌਹਾਲ ਦੇ ਨੁਮਾਇੰਦਿਆਂ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਦਿਵਿਆਂਗ ਪ੍ਰਾਰਥੀਆਂ ਨੂੰ ਕੰਬਲ ਅਤੇ ਸਟੇਸ਼ਨਰੀ ਕਿੱਟਾਂ ਭੇਂਟ ਕੀਤੀਆਂ ਗਈਆਂ। ਜ਼ਿਲ੍ਹਾ ਰੋਜ਼ਗਾਰ ਅਫਸਰ ਨੇ ਜ਼ਿਲ੍ਹੇ ਦੇ ਬੇਰੋਜ਼ਗਾਰ ਲੋੜਵੰਦ ਪ੍ਰਾਰਥੀਆਂ ਨੂੰ ਡੀ.ਬੀ.ਈ.ਈ ਵਿਖੇ ਵਿਜ਼ਟ ਕਰਨ ਦੀ ਅਪੀਲ ਕੀਤੀ।