ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਮਨਾਇਆ ਗਿਆ ‘ਵਿਸ਼ਵ ਏਡਸ ਦਿਵਸ’

Date:

ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਮਨਾਇਆ ਗਿਆ ‘ਵਿਸ਼ਵ ਏਡਸ ਦਿਵਸ’

(TTT)ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਹੇਮਾ ਸ਼ਰਮਾ, ਸਕੱਤਰ ਸ਼੍ਰੀ ਸ਼੍ਰੀ ਗੋਪਾਲ ਸ਼ਰਮਾ ਅਤੇ ਕਾਲਜ ਪ੍ਰਿੰਸੀਪਲ ਡਾ. ਸਵਿਤਾ ਗੁਪਤਾ ਏਰੀ ਦੇ ਮਾਰਗ ਦਰਸ਼ਨ ਅਤੇ ਆਈ.ਕਿਊ.ਏ.ਸੀ ਦੇ ਸਹਿਯੋਗ ਨਾਲ ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਰਾਧਿਕਾ ਰਤਨ ਵੱਲੋਂ 1 ਦਸੰਬਰ, 2024 ਨੂੰ ‘ਸਹੀ ਦਿਸ਼ਾ ਅਪਣਾਓ’ ਵਿਸ਼ੇ ਦੇ ਤਹਿਤ ਵਿਸ਼ਵ ਏਡਜ਼ ਦਿਵਸ ਮੌਕੇ ਪੋਸਟਰ ਮੇਕਿੰਗ ਮੁਕਾਬਲਾ ਅਤੇ ਲੈਕਚਰ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਭਾਗ ਲਿਆ। ਪ੍ਰੋਗਰਾਮ ਦਾ ਉਦੇਸ਼ ਐੱਚ.ਆਈ.ਵੀ/ਏਡਜ਼ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਰੋਕਥਾਮ ਅਤੇ ਦੇਖਭਾਲ ਨੂੰ ਉਤਸ਼ਾਹਿਤ ਕਰਨਾ ਸੀ। ਇਸ ਮੌਕੇ ਐੱਸ.ਡੀ.ਕਾਲਜ ਦੇ ਪ੍ਰਿੰਸੀਪਲ ਡਾ.ਸਵਿਤਾ ਗੁਪਤਾ ਏਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਸ਼ਵ ਏਡਜ਼ ਦਿਵਸ ਵਿੱਚ ਸਰਗਰਮ ਭਾਗੀਦਾਰੀ ਲਈ ਕਾਲਜ ਸਟਾਫ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਵਿੱਚ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਸੰਸਥਾ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਐੇੱਚ.ਆਈ.ਵੀ. ਏਡਜ਼ ਨਾਲ ਜੁੜੇ ਸਮਾਜਿਕ ਕਲੰਕ ਅਤੇ ਪ੍ਰਭਾਵਿਤ ਲੋਕਾਂ ਨਾਲ ਹਮਦਰਦੀ ਨਾਲ ਪੇਸ਼ ਆਉਣ ਦੀ ਲੋੜ ਬਾਰੇ ਵੀ ਚਰਚਾ ਕੀਤੀ। ਡਾ. ਕੰਵਰਦੀਪ ਸਿੰਘ ਧਾਲੀਵਾਲ, ਮੁਖੀ ਬਾਇਓਟੈਕਨਾਲੋਜੀ ਵਿਭਾਗ ਦੁਆਰਾ ਐੱਚ.ਆਈ.ਵੀ. ਦੇ ਵਿਗਿਆਨਕ ਪਹਿਲੂਆਂ ‘ਤੇ ਚਾਨਣਾ ਪਾਇਆ। ਇਸਦੇ ਪ੍ਰਸਾਰਣ ਦੇ ਢੰਗ, ਇਮਿਊਨ ਸਿਸਟਮ ਦੀ ਪ੍ਰਤੀਕਿਰਿਆ, ਅਤੇ ਇਲਾਜ ਅਤੇ ਰੋਕਥਾਮ ਵਿੱਚ ਨਵੀਨਤਮ ਇਲਾਜ ਵਿਧੀਆਂ ਸਮੇਤ, ਇਸ ਨੂੰ ਕੰਟਰੋਲ ਕਰਨ ਲਈ ਸੁਰੱਖਿਅਤ ਜਿਸਮਾਨੀ ਸਬੰਧਾਂ, ਨਿਯਮਤ ਜਾਂਚ, ਅਤੇ ਸ਼ੁਰੂਆਤੀ ਡਾਕਟਰੀ ਦਖਲ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਵਿਦਿਆਰਥੀਆਂ ਵੱਲੋਂ ਇਸ ਮੌਕੇ ਕਾਲਜ ਦੇ ਮੈਦਾਨ ਵਿੱਚ ਖੜ੍ਹੇ ਹੋ ਕੇ ਰੈੱਡ ਰਿਬਨ ਦਾ ਪੈਟਰਨ ਬਣਾਇਆ ਗਿਆ। ਪ੍ਰੋਗਰਾਮ ਦੌਰਾਨ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਚਰਨ ਸਿੰਘ, ਪ੍ਰੋ. ਵਿਪਨ ਕੁਮਾਰ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਮਨੀ ਸ਼ਰਮਾ ਵੀ ਮੌਜੂਦ ਸਨ।