ਹੁਸ਼ਿਆਰਪੁਰ ਨੂੰ ਸਵੱਛ ਅਤੇ ਖੂਬਸੂਰਤ ਸ਼ਹਿਰਾਂ ਵਿਚ ਕੀਤਾ ਜਾਵੇਗਾ ਸ਼ੁਮਾਰ : ਬ੍ਰਮ ਸ਼ੰਕਰ ਜਿੰਪਾ
-ਨਗਰ ਨਿਗਮ ਹਾਊਸ ਦੀ ਮੀਟਿੰਗ ’ਚ ਸ਼ਹਿਰ ਦੇ ਵਿਕਾਸ ਲਈ ਵੱਖ-ਵੱਖ ਮਤੇ ਕੀਤੇ ਗਏ ਪਾਸ
-ਵਾਰਡਾਂ ਦੀਆਂ ਸੜਕਾਂ ਦੇ ਵਿਕਾਸ ਲਈ 1 ਕਰੋੜ 17 ਲੱਖ ਰੁਪਏ ਦੇ ਕੰਮ ਹੋਏ ਪਾਸ : ਮੇਅਰ ਸੁਰਿੰਦਰ ਕੁਮਾਰ
-12 ਨਾਲਿਆਂ ਦੀ ਸਫ਼ਾਈ ਲਈ 10.25 ਲੱਖ ਅਤੇ ਸੀਵਰੇਜ ਚੈਂਬਰ ਦੀ ਰਿਪੇਅਰ ਲਈ 24.99 ਲੱਖ ਰੁਪਏ ਦਾ ਖ਼ਰਚਾ ਪ੍ਰਵਾਨ
-ਸਾਰੇ ਵਾਰਡਾਂ ਵਿਚ ਵੱਖ-ਵੱਖ ਕੰਮਾਂ ਲਈ ਹਰੇਕ ਕੌਂਸਲਰ ਲਈ 15-15 ਲੱਖ ਰੁਪਏ ਦਾ ਖ਼ਰਚਾ ਪ੍ਰਵਾਨ
ਹੁਸ਼ਿਆਰਪੁਰ, 29 ਫਰਵਰੀ (ਬਜਰੰਗੀ ਪਾਂਡੇ) :
ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ਨੂੰ ਖੂਬਸੂਰਤ ਬਣਾਉਣ ਅਤੇ ਇਸ ਦੀ ਨੁਹਾਰ ਬਦਲਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮੂਹ ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੁਸ਼ਿਆਰਪੁਰ ਨੂੰ ਸਵੱਛ ਅਤੇ ਸੁੰਦਰ ਸ਼ਹਿਰਾਂ ਦੀ ਕਤਾਰ ਵਿਚ ਖੜ੍ਹਾ ਕੀਤਾ ਜਾਵੇਗਾ। ਉਹ ਅੱਜ ਨਗਰ ਨਿਗਮ ਹੁਸ਼ਿਆਰਪੁਰ ਦੀ ਹਾਊਸ ਦੀ ਬੈਠਕ ਵਿਚ ਸ਼ਿਰਕਤ ਕਰਨ ਤੋਂ ਬਾਅਦ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਹਾਊਸ ਦੀ ਬੈਠਕ ਵਿਚ ਲੋਕ ਹਿੱਤ ਅਤੇ ਸ਼ਹਿਰ ਦੀ ਬਿਹਤਰੀ ਲਈ ਵੱਖ-ਵੱਖ ਮਤੇ ਪਾਸ ਹੋਏ ਹਨ। ਹਾਊਸ ਦੀ ਇਸ ਬੈਠਕ ਵਿਚ ਕਮਿਸ਼ਨਰ ਨਗਰ ਨਿਗਮ ਜਿਓਤੀ ਬਾਲਾ ਮੱਟੂ, ਸੰਯੁਕਤ ਕਮਿਸ਼ਨਰ ਸੰਦੀਪ ਤਿਵਾੜੀ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਵਿੱਤ ਤੇ ਠੇਕਾ ਕਮੇਟੀ ਦੇ ਚੇਅਰਮੈਨ ਬਲਵਿੰਦਰ ਕੁਮਾਰ ਤੋਂ ਇਲਾਵਾ ਵੱਖ-ਵੱਖ ਵਾਰਡਾਂ ਦੇ ਕੌਂਸਲਰ ਅਤੇ ਨਗਰ ਨਿਗਮ ਦੇ ਅਧਿਕਾਰੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਨਗਰ ਨਿਗਮ ਦੀਆਂ ਖਾਲੀ ਥਾਵਾਂ ਨੂੰ ਗਰੀਨ ਬੈਲਟ ਦੇ ਤੌਰ ’ਤੇ ਵਿਕਸਿਤ ਕੀਤਾ ਜਾਵੇਗਾ ਅਤੇ ਫੂਡ ਸਟਰੀਟ ਦੀ ਤਰਜ਼ ’ਤੇ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਨੁੰ ਸੰਵਾਰਿਆ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਵਿਚ ਉਹ ਨਗਰ ਨਿਗਮ ਨੂੰ ਸਹਿਯੋਗ ਦੇਣ ਤਾਂ ਜੋ ਹੁਸ਼ਿਆਰਪੁਰ ਨੂੰ ਪੰਜਾਬ ਦਾ ਸਭ ਤੋਂ ਸੋਹਣਾ ਸ਼ਹਿਰ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਹੁਸ਼ਿਆਰਪੁਰ ਸ਼ਹਿਰ ਵਾਸੀਆਂ ਨੂੰ 100 ਫੀਸਦੀ ਬੁਨਿਆਦੀ ਸਹੂਲਤਾਂ ਦੇਣ ਲਈ ਬਿਹਤਰੀਨ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਜਲ ਸਪਲਾਈ ਅਤੇ ਸੀਵਰੇਜ ਦੀਆਂ ਪੁਖ਼ਤਾ ਸਹੂਲਤਾਂ ਦੇਣ ਲਈ ਸਮੇਂ-ਸਮੇਂ ’ਤੇ ਨਗਰ ਨਿਗਮ ਵੱਲੋਂ ਹਾਊਸ ਦੀਆਂ ਮੀਟਿੰਗਾਂ ਦੌਰਾਨ ਮਤੇ ਪਾਸ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰੇਕ ਵਾਰਡ ਦਾ ਬਿਨਾਂ ਕਿਸੇ ਭੇਦਭਾਵ ਤੋਂ ਵਿਕਾਸ ਕਰਵਾਇਆ ਜਾਵੇਗਾ।
ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ ਨੇ ਹਾਊਸ ਦੀ ਬੈਠਕ ਸਬੰਧੀ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਨਗਰ ਨਿਗਮ ਹਾਊਸ ਦੀ ਅੱਜ ਦੀ ਬੈਠਕ ਵਿਚ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਸੜਕਾਂ ਦੇ ਵਿਕਾਸ ਲਈ 1 ਕਰੋੜ 17 ਲੱਖ ਦੇ ਕੰਮ ਪਾਸ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਦੌਰਾਨ ਬਾਰਿਸ਼ ਮੌਕੇ ਓਵਰਫਲੋਅ ਹੋਣ ਕਾਰਨ ਕਈ ਮੁਹੱਲਿਆਂ ਦੇ ਮਕਾਨਾਂ ਵਿਚ ਪਾਣੀ ਭਰਨ ਦਾ ਮਾਮਲਾ ਆਮ ਦੇਖਣ ਨੂੰ ਮਿਲਦਾ ਹੈ। ਇਸ ਲਈ ਨਗਰ ਨਿਗਮ ਵੱਲੋਂ ਪਹਿਲਕਦਮੀ ਕਰਦਿਆਂ ਅਗੇਤੇ ਤੌਰ ’ਤੇ ਸ਼ਹਿਰ ਅੰਦਰ ਪੈਂਦੇ 12 ਨਾਲਿਆਂ ਦੀ ਸਫ਼ਾਈ ਲਈ 10.25 ਲੱਖ ਰੁਪਏ ਦਾ ਖ਼ਰਚਾ ਪ੍ਰਵਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੀਵਰੇਜ ਚੈਂਬਰ ਸੀਵਰ ਲਾਈਨ ਦੀ ਰਿਪੇਅਰ ਕਰਾਉਣ ਲਈ 24.99 ਲੱਖ ਰੁਪਏ ਦਾ ਖ਼ਰਚਾ ਪ੍ਰਵਾਨ ਕੀਤਾ ਗਿਆ ਹੈ। ਉਨ੍ਰਾਂ ਕਿਹਾ ਕਿ ਸ਼ਹਿਰ ਅੰਦਰ ਲੋੜ ਅਨੁਸਾਰ ਪਾਣੀ ਦੀਆਂ ਪਾਈਪਾਂ ਪਾਉਣ ਅਤੇ ਪੁਰਾਣੀਆਂ ਜਲ ਸਪਲਾਈ ਪਾਈਪਾਂ ਨੂੰ ਪੁਖਤਾ ਕਰਨ ਲਈ 11.25 ਲੱਖ ਰੂੁਪਏ ਦਾ ਤਖ਼ਮੀਨਾ ਪਾਸ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਹਮੇਸ਼ਾ ਹੀ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਂਦਾ ਰਹੇਗਾ ਅਤੇ ਭਵਿੱਖ ਵਿਚ ਵੀ ਸ਼ਹਿਰ ਦੇ ਵਿਕਾਸ ਲਈ ਸਰਕਾਰ ਪਾਸੋਂ ਗ੍ਰਾਂਟਾਂ ਪ੍ਰਾਪਤ ਕਰਦਾ ਰਹੇਗਾ। ਉਨ੍ਹਾਂ ਦਸਿਆ ਕਿ ਮੀਟਿੰਗ ਵਿਚ ਬਿਨਾਂ ਕਿਸੇ ਭੇਦਭਾਵ ਦੇ ਹਰੇਕ ਵਾਰਡ ਵਿਚ ਵੱਖ-ਵੱਖ ਤਰ੍ਹਾਂ ਦੇ ਕੰਮਾਂ ਲਈ ਹਰੇਕ ਕੌਂਸਲਰ ਲਈ 15-15 ਲੱਖ ਰੁਪਏ ਦਾ ਖ਼ਰਚਾ ਪ੍ਰਵਾਨ ਕੀਤਾ ਗਿਆ।
News, Breaking News, Latest News, News Headlines, Live News, Today News | GBC Update
News, Latest News, Breaking News, News Headlines, Live News, Today News, GBC Update Breaking News