ਅੱਜ ਇਥੇ ਸ਼ਹੀਦ ਸਾਥੀ ਚੰਨਣ ਸਿੰਘ ਧੂਤ ਭਵਨ ਵਿਖੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ, ਤਹਿਸੀਲ ਹੁਸ਼ਿਆਰਪੁਰ ਦੀ ਮੀਟਿੰਗ ਸਾਥੀ ਮਹਿੰਦਰ ਸਿੰਘ ਭੀਲੋਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਹਾਜ਼ਰ ਯੂਨੀਅਨ ਦੇ ਪੰਜਾਬ ਦੇ ਜਨਰਲ ਸਕੱਤਰ ਸਾਥੀ ਗੁਰਮੇਸ਼ ਸਿੰਘ ਨੇ ਸੂਬਾ ਵਰਕਿੰਗ ਕਮੇਟੀ ਦੇ ਫੈਸਲੇ ਅਤੇ ਹੈਦਰਾਬਾਦ ਦਲਿਤ ਕਨਵੈਨਸ਼ਨ ਦੇ ਫੈਸਲਿਆਂ ਸਬੰਧੀ ਸਾਥੀਆਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਪੰਜਾਬ ਅੰਦਰ 1 ਅਕਤੂਬਰ ਤੋਂ 7 ਅਕਤੂਬਰ ਤੱਕ ਇਕ ਹਫ਼ਤਾ ਘਰ-ਘਰ ਪਹੰੁਚ ਕਰਕੇ ਯੂਨੀਅਨ ਦੀ ਮੈਂਬਰਸ਼ਿਪ ਕੀਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ 11 ਅਕਤੂਬਰ ਨੂੰ ਬੀ.ਡੀ.ਓ. ਦਫਤਰਾਂ ਅੱਗੇ ਮਨਰੇਗਾ ਵਰਕਰਾਂ ਅਤੇ ਖੇਤ ਮਜ਼ਦੂਰਾਂ ਵਲੋਂ ਮਨਰੇਗਾ ਨੂੰ ਬਚਾਉਣ ਲਈ, ਸਾਲ ਵਿੱਚ 200 ਦਿਨ ਕੰਮ ਅਤੇ 600 ਰੁਪਏ ਦਿਹਾੜੀ ਲਈ, ਖੇਤ ਮਜ਼ਦੂਰਾਂ ਦੀ ਘੱਟੋ-ਘੱਟ 700 ਰੁਪਏ ਦਿਹਾੜੀ, ਵਿੱਦਿਆ, ਸਿਹਤ ਸਹੂਲਤਾਂ, ਬੇਘਰੇ ਅਤੇ ਭੀੜੇ ਮਕਾਨਾਂ ਵਾਲੇ ਪਰਿਵਾਰਾਂ ਨੂੰ 10 ਮਰਲੇ ਦੇ ਪਲਾਟ ਅਤੇ ਮਕਾਨ ਉਸਾਰੀ ਲਈ ਤਿੰਨ ਲੱਖ ਰੁਪਏ ਦੀ ਗ੍ਰਾਂਟ ਅਤੇ ਦਲਿਤ ਪਰਿਵਾਰਾਂ ਦੇ ਸਮੁੱਚੇ ਕਰਜ਼ੇ ਮਾਫ ਕਰਨ ਲਈ ਅਤੇ ਹੋਰ ਦੂਸਰੀਆਂ ਮੰਗਾਂ ਲਈ ਧਰਨੇ ਦੇ ਕੇ ਮੰਗ ਪੱਤਰ ਦਿੱਤੇ ਜਾਣਗੇ। ਉਸ ਦੇ ਨਾਲ ਹੀ ਹੈਦਰਾਬਾਦ ਕਨਵੈਂਸ਼ਨ ਵਲੋਂ ਤਿਆਰ ਕੀਤੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਉਪਰ ਦਸਤਖਤੀ ਮੁਹਿੰਮ ਚਲਾਉਣ ਅਤੇ 4 ਦਸੰਬਰ ਨੂੰ ਦਿੱਲੀ ਵਿੱਚ ਪਾਰਲੀਮੈਂਟ ਵੱਲ ਮਾਰਚ ਸਮੇਂ ਵੱਧ ਤੋਂ ਵੱਧ ਦਲਿਤਾਂ ਅਤੇ ਖੇਤ ਮਜ਼ਦੂਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਯੂਨੀਅਨ ਦੇ ਤਹਿਸੀਲ ਸਕੱਤਰ ਗੁਰਮੀਤ ਸਿੰਘ ਕਾਣੇ ਨੇ ਮੀਟਿੰਗ ਦੇ ਫੈਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਹਿਸੀਲ ਅੰਦਰ 5000 ਮੈਂਬਰਸ਼ਿਪ ਕਰਨ, 20 ਨਵੇਂ ਯੂਨਿਟ ਬਣਾਉਣ ਅਤੇ ਦਿੱਲੀ ਵਿਖੇ ਯੂਨੀਅਨ ਦੇ ਕੇਂਦਰੀ ਦਫ਼ਤਰ ਦੀ ਉਸਾਰੀ ਲਈ ਵੱਧ ਤੋਂ ਵੱਧ ਫੰਡ ਇਕੱਠਾ ਕੀਤਾ ਜਾਵੇਗਾ। ਉਹਨਾਂ ਨੇ 11 ਅਕਤੂਬਰ ਨੂੰ ਬੀ.ਡੀ.ਓ. ਦਫ਼ਤਰ ਦੇ ਅੱਗੇ ਦਿੱਤੇ ਜਾ ਰਹੇ ਧਰਨਿਆਂ ਵਿੱਚ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਲਈ ਅਪੀਲ ਕੀਤੀ। ਇਸ ਮੌਕੇ ਸਾਥੀ ਧਰਮਪਾਲ ਤੇ ਜੋਗਿੰਦਰ ਲਾਲ ਭੱਟੀ ਰਾਜਪੁਰ ਭਾਈਆਂ, ਬਲਵਿੰਦਰ ਸਿੰਘ ਹੁਸ਼ਿਆਰਪੁਰ, ਰਾਜਰਾਣੀ ਬੱਸੀ ਦੌਲਤ ਖਾਂ, ਰਾਮਲਾਲ ਢੋਲਣਵਾਲ ਅਤੇ ਰਾਕੇਸ਼ ਕੁਮਾਰ ਬੱਬਲੀ ਆਦਿ ਹਾਜ਼ਰ ਸਨ।
News, Breaking News, Latest News, News Headlines, Live News, Today News | GBC Update
News, Latest News, Breaking News, News Headlines, Live News, Today News, GBC Update Breaking News