ਕੌਮੀ ਲੋਕ ਅਦਾਲਤ ਦੀ ਜਾਗਰੂਕਤਾ ਲਈ ਸੀ. ਜੇ. ਐਮ ਅਪਰਾਜਿਤਾ ਜੋਸ਼ੀ ਨੇ ਪਿੰਡਾਂ ਲਈ ਬੱਸਾਂ ਨੂੰ ਕੀਤਾ ਰਵਾਨਾਹੁਸ਼ਿਆਰਪੁਰ, 4 ਸਤੰਬਰ (TTT ) :
ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਸੀ. ਜੇ. ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਅਪਰਾਜਿਤਾ ਜੋਸ਼ੀ ਨੇ 9 ਸਤੰਬਰ ਨੂੰ ਜ਼ਿਲ੍ਹਾ ਅਤੇ ਸਬ-ਡਵੀਜ਼ਨ ਪੱਧਰ ’ਤੇ ਲਗਾਈ ਜਾਣ ਵਾਲੀ ਕੌਮੀ ਲੋਕ ਅਦਾਲਤ ਦੀ ਪਿੰਡਾ ਵਿਚ ਜਾਗਰੂਕਤਾ ਲਈ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਦੇ ਜਨਰਲ ਮੈਨੇਜਰ ਜਸਬੀਰ ਸਿੰਘ ਦੇ ਸਹਿਯੋਗ ਨਾਲ ਪਿੰਡਾਂ ਨੂੰ ਜਾਣ ਵਾਲੀਆਂ ਦੋ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਬੱਸਾਂ ਨਵੇਂ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਹੁਸ਼ਿਆਰਪੁਰ ਤੋਂ ਦਸੂਹਾ, ਹਾਜੀਪੁਰ, ਬੁੱਢਾਬੜ ਵਾਇਆ ਬਾਗਪੁਰ, ਭੀਖੋਵਾਲ, ਹਰਿਆਣਾ, ਭੂੰਗਾ, ਦੁਸੜਕਾ, ਗੜ੍ਹਦੀਵਾਲਾ, ਰੰਧਾਵਾ, ਨੰਗਲ/ਘੋਗਰਾ, ਹਾਜੀਪੁਰ ਅਤੇ ਹੁਸ਼ਿਆਰਪੁਰ ਤੋਂ ਕੂਕਾਨੇਟ ਵਾਇਆ ਬਾਗਪੁਰ, ਹਰਿਆਣਾ, ਨੀਲਾ ਨਲੋਆ, ਬੱਸੀ, ਜਨੌੜੀ, ਢੋਲਬਾਹਾ, ਅਤਵਾਰਾਪੁਰ, ਕੂਕਾਨੇਟ ਪਿੰਡਾਂ ਤੱਕ ਜਾਣਗੀਆਂ।
ਇਸ ਤੋਂ ਇਲਾਵਾ ਐਨ. ਜੀ. ਓ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੇ ਜ਼ਿਲ੍ਹਾ ਪ੍ਰਧਾਨ ਆਗਿਆਪਾਲ ਸਿੰਘ ਸਾਹਨੀ ਦੇ ਸਹਿਯੋਗ ਨਾਲ ਹੁਸ਼ਿਆਰਪੁਰ ਦੇ ਲੋਕਲ ਏਰੀਏ ਵਿਚ ਆਡੀਓ ਕਲਿੱਪ ਰਾਹੀਂ ਕੌਮੀ ਲੋਕ ਅਦਾਲਤਾਂ ਦੇ ਲਾਭਾਂ ਬਾਰੇ ਪ੍ਰਚਾਰ ਕਰਨ ਲਈ ਆਟੋ ਨੂੰ ਰਵਾਨਾ ਕੀਤਾ ਗਿਆ। ਇਸ ਦੇ ਨਾਲ ਹੀ ਨਵੇਂ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਹੁਸ਼ਿਆਰਪੁਰ ਵਿਖੇ ਹੈਲਪ ਡੈਸਕ ਲਗਵਾਇਆ ਗਿਆ, ਜਿਸ ਵਿਚ ਪੀ. ਐਲ੍ਹ. ਵੀ ਵੱਲੋਂ ਕੇਸਾਂ ਦੀਆਂ ਤਰੀਕਾਂ ਭੁਗਤਣ ਆਏ ਵਿਅਕਤੀਆਂ ਨੂੰ ਲੋਕ ਅਦਾਲਤ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਪੈਂਫਲਿਟ ਵੀ ਵੰਡੇ ਗਏ। ਇਸ ਮੌਕੇ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਜਸਬੀਰ ਸਿੰਘ, ਫੈਲਫੇਅਰ ਇੰਸਪੈਕਟਰ ਗੁਰਮੀਤ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।