ਪੰਜਾਬ ਸਣੇ ਇਨ੍ਹਾਂ ਸੂਬਿਆਂ ’ਚ ਤਪਦੀ ਗਰਮੀ ਤੋਂ ਜਲਦ ਮਿਲੇਗੀ ਰਾਹਤ, ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ
(TTT)ਭਾਰਤੀ ਮੌਸਮ ਵਿਭਾਗ ਨੇ ਦੇਸ਼ ਦੇ ਛੇ ਸੂਬਿਆਂ ਵਿੱਚ ਹੀਟਵੇਵ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਅੱਠ ਰਾਜਾਂ ‘ਚ ਅਗਲੇ ਕੁਝ ਦਿਨਾਂ ਦੌਰਾਨ ਮੀਂਹ ਪੈਣ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਓਡੀਸ਼ਾ ਅਤੇ ਪੱਛਮੀ ਬੰਗਾਲ ਵਿੱਚ 21 ਅਪ੍ਰੈਲ ਤੱਕ ਗਰਮੀ ਦੀ ਲਹਿਰ ਬਣੀ ਰਹੇਗੀ। ਇਸ ਦੇ ਨਾਲ ਹੀ ਝਾਰਖੰਡ ਅਤੇ ਮਹਾਰਾਸ਼ਟਰ ਵਿੱਚ ਅੱਜ ਅਗਲੇ ਤਿੰਨ ਦਿਨਾਂ ਤੱਕ ਗਰਮੀ ਦੀ ਸੰਭਾਵਨਾ ਹੈ।
ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਕੜਾਕੇ ਦੀ ਗਰਮੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਅਨੁਸਾਰ ਇਸ ਗਰਮੀ ਦੇ ਮੌਸਮ ਦੌਰਾਨ 19 ਅਤੇ 21 ਅਪ੍ਰੈਲ ਦੌਰਾਨ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਥੋੜਾ-ਬਹੁਤ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਆਈਐਮਡੀ ਨੇ ਛੇ ਰਾਜਾਂ ਵਿੱਚ ਗਰਮੀ ਦੀ ਲਹਿਰ ਦੀ ਭਵਿੱਖਬਾਣੀ ਕੀਤੀ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ 21 ਅਪ੍ਰੈਲ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਅਰੁਣਾਚਲ ਪ੍ਰਦੇਸ਼ ਵਿੱਚ 21 ਅਪ੍ਰੈਲ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 21 ਅਪ੍ਰੈਲ ਤੱਕ ਅਸਾਮ ਅਤੇ ਮੇਘਾਲਿਆ ਵਿੱਚ ਵੀ ਅਜਿਹਾ ਹੀ ਮੌਸਮ ਰਹੇਗਾ।