ਖੇਤੀਬਾੜੀ ਵਿਭਾਗ ਦੀ ਟੀਮ ਨੇ ਅਗੇਤੀ ਬਿਜਾਈ ਕਰਨ ਵਾਲੇ ਕਿਸਾਨ ਦਾ ਝੋਨਾ ਵਾਹਿਆ
ਹੁਸ਼ਿਆਰਪੁਰ, 13 ਜੂਨ(ਬਜਰੰਗੀ ਪਾਂਡੇ): ਕੱਦੂ ਕੀਤੇ ਝੋਨੇ ਦੀ ਅਗੇਤੀ ਬਿਜਾਈ ਦੀ ਸ਼ਿਕਾਇਤ ਪ੍ਰਾਪਤ ਹੋਣ ’ਤੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਦੇਵ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਪੱਟੀ, ਬਲਾਕ ਹੁਸ਼ਿਆਰਪੁਰ-2 ਵਿਖੇ ਖੇਤੀਬਾੜੀ ਵਿਭਾਗ, ਬਲਾਕ ਹੁਸ਼ਿਆਰਪੁਰ-2 ਦੀ ਟੀਮ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਮੌਕੇ ’ਤੇ ਪਹੁੰਚੀ। ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ, ਬਲਾਕ ਹੁਸ਼ਿਆਰਪੁਰ-2, ਧਰਮਵੀਰ ਸ਼ਾਰਦ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਕਿਸਾਨ ਚਰਨਜੀਤ ਸਿੰਘ ਵਾਸੀ ਪਿੰਡ ਪੱਟੀ, ਬਲਾਕ ਹੁਸ਼ਿਆਰਪੁਰ-2 ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਦੇ ਹੋਏ ਮਿੱਥੇ ਗਏ ਸਮੇਂ ਤੋਂ ਪਹਿਲਾਂ ਹੀ ਕੁੱਲ 5 ਕਨਾਲ ਰਕਬੇ ’ਤੇ ਕੱਦੂ ਕੀਤੇ ਗਏ ਝੋਨੇ ਦੀ ਲੁਆਈ ਕੀਤੀ ਜਾ ਰਹੀ ਸੀ, ਜਿਸ ਨੂੰ ਮੌਕੇ ’ਤੇ ਹੀ ਰੋਟਾਵੇਟਰ ਨਾਲ ਵਾਹ ਦਿੱਤਾ ਗਿਆ। ਕਿਸਾਨ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਾ ਹੋਣ ਬਾਰੇ ਕਿਹਾ ਗਿਆ, ਜਿਸ ’ਤੇ ਖੇਤੀਬਾੜੀ ਵਿਕਾਸ ਅਫਸਰ ਵੱਲੋਂ ਦੱਸਿਆ ਗਿਆ ਕਿ ਇਸ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ, ਜਿਸ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕੱਦੂ ਕੀਤੇ ਝੋਨੇ ਦੀ ਲੁਆਈ 21 ਜੂਨ ਤੋਂ ਸ਼ੁਰੂ ਹੋਣ ਦੀ ਹਦਾਇਤ ਕੀਤੀ ਗਈ ਸੀ। ਕਿਸਾਨ ਵੱਲੋਂ ਇਸ ਸਬੰਧੀ ਆਪਣੀ ਗਲਤੀ ਮੰਨੀ ਗਈ ਅਤੇ ਭੱਵਿਖ ਵਿੱਚ ਅਜਿਹੀ ਗਲਤੀ ਨਾ ਹੋਣ ਦਾ ਵਿਸ਼ਵਾਸ ਦਿੱਤਾ ਗਿਆ। ਖੇਤੀਬਾੜੀ ਵਿਭਾਗ ਵੱਲੋਂ ਬਲਾਕ ਦੇ ਸਮੂਹ ਕਿਸਾਨਾਂ ਨੂੰ ਇਹ ਅਪੀਲ ਕੀਤੀ ਗਈ ਕਿ ਉਹ ਕੱਦੂ ਕੀਤੇ ਝੋਨੇ ਦੀ ਬਿਜਾਈ 21 ਜੂਨ ਤੋਂ ਹੀ ਕਰਨ ਤਾਂ ਜੋ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਾਅ ਹੋ ਸਕੇ।