ਭੀਮ ਨਗਰ ਵਿਚ ਡਾਇਰੀਆ ਦੇ ਮਰੀਜ਼ਾਂ ਦੀ ਗਿਣਤੀ ਘਟੀ ਅਤੇ ਸਥਿਤੀ ਸਥਿਰ : ਸਿਵਲ ਸਰਜਨ ਡਾ ਪਵਨ ਸ਼ਗੋਤਰਾ
ਹੁਸ਼ਿਆਰਪੁਰ 11 ਸਤੰਬਰ 2024 (TTT) ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਭੀਮ ਨਗਰ ਵਿਖੇ ਹੋਈ ਡਾਇਰੀਆ ਦੀ ਆਊਟਬ੍ਰੇਕ ਸੰਬੰਧੀ ਅੱਜ ਤੀਜੇ ਦਿਨ ਵੀ ਭੀਮ ਨਗਰ ਇਲਾਕੇ ਵਿੱਚ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਜਿੱਥੇ ਡਾਕਟਰਾਂ ਦੀ ਟੀਮ ਵੱਲੋਂ ਇਲਾਕੇ ਦੇ ਡਾਇਰੀਆ ਨਾਲ ਗ੍ਰਸਤ ਮਰੀਜ਼ਾਂ ਦੀ ਜਾਂਚ ਕਰਕੇ ਦਵਾਈਆਂ ਦਿੱਤੀਆਂ ਗਈਆਂ ਅਤੇ ਓ.ਆਰ.ਐਸ ਵੀ ਵੰਡੇ ਗਏ। ਸਿਵਲ ਸਰਜਨ ਵੱਲੋਂ ਸਾਰੀ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ। ਉਹਨਾਂ ਮੈਡੀਕਲ ਕੈਂਪ ਦਾ ਦੌਰਾ ਕੀਤਾ ਅਤੇ ਮੈਡੀਕਲ ਟੀਮ ਤੋਂ ਸਾਰੀ ਜਾਣਕਾਰੀ ਲਈ। ਮੈਡੀਕਲ ਟੀਮ ਅਨੁਸਾਰ ਅੱਜ ਕੈਂਪ ਵਿਚ ਮਰੀਜ਼ਾਂ ਦੀ ਆਮਦ ਬਹੁਤ ਘਟ ਰਹੀ। ਸਿਹਤ ਵਿਭਾਗ ਦੇ ਯੋਗ ਉਪਰਾਲਿਆਂ ਸਦਕਾ ਹੁਣ ਭੀਮ ਨਗਰ ਵਿਚ ਸਥਿਤੀ ਬਿਹਤਰ ਹੈ। ਹਸਪਤਾਲ ਵਿੱਚੇ ਦਾਖਲ ਮਰੀਜ਼ਾਂ ਵਿੱਚੋਂ ਜਿਹੜੇ ਮਰੀਜ਼ ਸਿਹਤਯਾਬ ਹੋ ਗਏ ਹਨ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਸਿਹਤ ਵਿਭਾਗ ਦੀ ਆਰਬੀਐਸਕੇ ਟੀਮ ਨੇ ਭੀਮ ਨਗਰ ਅਤੇ ਇਸ ਦੇ ਨਾਲ ਲਗਦੇ ਸਕੂਲਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਉਹਨਾਂ ਨੇ ਦਸਤਾਂ ਤੋੰ ਬਚਾਓ ਅਤੇ ਇਲਾਜ ਲਈ ਓ.ਆਰ.ਐਸ ਦੇ ਘੋਲ ਤਿਆਰ ਕਰਨ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ। ਮਲਟੀ ਪਰਪਜ਼ ਹੈਲਥ ਵਰਕਰ, ਐਚਆਈ, ਏਐਨਐਮ, ਆਸ਼ਾ ਵਰਕਰਜ਼ ਅਤੇ ਵਾਲੰਟੀਅਰ ਟੀਮਾਂ ਵਲੋਂ ਭੀਮ ਨਗਰ ਵਿੱਚ ਅੱਜ ਵੀ ਘਰ ਘਰ ਜਾ ਕੇ ਸਰਵੇ ਕੀਤਾ ਗਿਆ ਅਤੇ ਉਹਨਾਂ ਵੱਲੋਂ ਕਲੋਰੀਨ ਦੀਆਂ ਗੋਲੀਆਂ ਅਤੇ ਓ.ਆਰ.ਐਸ ਦੇ ਪੈਕੇਟ ਵੰਡੇ ਗਏ।
ਸਿਵਲ ਸਰਜਨ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹੈਲਥ ਟੀਮ ਵੱਲੋਂ ਅੱਜ 6 ਸਟੂਲ ਸੈਂਪਲ ਲਏ ਗਏ, ਜਿਹਨਾਂ ਵਿਚੋਂ 3 ਮਰੀਜ਼ ਕੌਲਰਾ ਪਾਜ਼ੀਟਿਵ ਪਾਏ ਗਏ, ਜਿਹੜੇ ਕਿ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ਼ ਹਨ ਅਤੇ ਉਹਨਾਂ ਦੀ ਸਥਿਤੀ ਸਥਿਰ ਹੈ। ਅੱਗੇ ਗੱਲਬਾਤ ਕਰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਜੀ ਨਾਲ ਮੀਟਿੰਗ ਕਰਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਗਿਆ ਹੈ। ਨਿਗਮ ਵਲੋਂ ਅੱਜ ਤੀਜੇ ਦਿਨ ਵੀ ਮੁਹੱਲਾ ਵਾਸੀਆਂ ਲਈ ਅਲਟਰਨੇਟ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਗਈ।
ਸਿਵਲ ਸਰਜਨ ਨੇ ਕਿਹਾ ਕਿ ਦਸਤਾਂ ਦੀ ਸਥਿਤੀ ਵਿਚ ਘਬਰਾਉਣ ਦੀ ਲੋੜ ਨਹੀਂ। ਜੇਕਰ ਦਸਤ ਲੱਗ ਜਾਣ ਤਾਂ ਤੁਰੰਤ ਓਆਰਐਸ ਥੋੜੇ ਥੋੜੇ ਸਮੇਂ ਤੇ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਜਦੋਂ ਤੱਕ ਦਸਤ ਬੰਦ ਨਹੀਂ ਹੋ ਜਾਂਦੇ। ਪਾਣੀ ਨੂੰ ਉਬਾਲ ਕੇ ਪੀਤਾ ਜਾਵੇ, ਜਿਆਦਾ ਪੱਕੇ ਫਲ ਤੇ ਸਬਜ਼ੀਆਂ ਨਾ ਵਰਤੀਆਂ ਜਾਣ। ਸਾਫ਼ ਸਫ਼ਾਈ ਦਾ ਖਾਸ ਖ਼ਿਆਲ ਰੱਖਿਆ ਜਾਵੇ। ਹੱਥ ਸਾਬਣ ਨਾਲ ਚੰਗੀ ਤਰ੍ਹਾਂ ਸਾਫ ਕਰਕੇ ਹੀ ਖਾਣਾ ਬਣਾਇਆ ਜਾਵੇ।ਸ਼ੌਚ ਜਾਣ ਤੋਂ ਬਾਅਦ ਹੱਥ ਸਾਬਣ ਨਾਲ ਚੰਗੀ ਤਰਾਂ ਸਾਫ ਕੀਤੇ ਜਾਣ।ਬਾਹਰਲੇ ਭੋਜਨ ਤੋਂ ਪਰਹੇਜ ਕੀਤਾ ਜਾਵੇ। ਬਿਮਾਰ ਹੋਣ ਦੀ ਸਥਿਤੀ ਵਿਚ ਕੋਈ ਵੀ ਵਿਅਕਤੀ ਆਪਣੇ ਆਪ ਦਵਾਈ ਨਾ ਲਵੇ ਬਲਕਿ ਜਲਦੀ ਤੋਂ ਜਲਦੀ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ। ਸਿਹਤ ਕੇਂਦਰਾਂ ਵਿਚ ਸਾਰੀਆਂ ਦਵਾਈਆਂ ਉਚਿਤ ਮਾਤਰਾ ਵਿਚ ਉਪਲੱਬਧ ਹਨ।