
ਹੁਸ਼ਿਆਰਪੁਰ, 11 ਮਾਰਚ : ਮੇਅਰ ਨਗਰ ਨਿਗਮ ਸੁਰਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਮਿਤੀ 11.03.2025 ਸਮਾਂ ਸਵੇਰੇ 11:00 ਵਜੇ ਬਜਟ ਦੀ ਸਪੈਸ਼ਲ ਮੀਟਿੰਗ ਕੀਤੀ ਗਈ, ਜਿਸ ਵਿਚ ਸ਼੍ਰੀ ਬ੍ਰਮ ਸ਼ੰਕਰ ਮਾਨਯੋਗ ਐਮ.ਐਲ.ਏ ਹੁਸ਼ਿਆਰਪੁਰ, ਡਾ: ਅਮਨਦੀਪ ਕੌਰ, ਪੀ.ਸੀ.ਐਸ ਕਮਿਸ਼ਨਰ, ਸ਼੍ਰੀਮਤੀ ਪਰਵੀਨ ਲਤਾ ਸੈਣੀ ਸੀਨੀਅਰ ਡਿਪਟੀ ਮੇਅਰ, ਸ਼੍ਰੀਮਤੀ ਰਣਜੀਤਾ ਚੌਧਰੀ ਡਿਪਟੀ ਮੇਅਰ, ਸ਼੍ਰੀ ਜਸਪਾਲ ਚੇਚੀ ਚੇਅਰਮੈਨ ਮਾਰਕੀਟ ਕਮੇਟੀ, ਸ਼੍ਰੀ ਸੰਦੀਪ ਤਿਵਾੜੀ ਸੰਯੁਕਤ ਕਮਿਸ਼ਨਰ, ਸ਼੍ਰੀ ਅਜੇ ਕੁਮਾਰ, ਸਹਾਇਕ ਕਮਿਸ਼ਨਰ, ਸ਼੍ਰੀ ਸਤੀਸ਼ ਸੈਣੀ, ਨਿਗਰਾਨ ਇੰਜੀਨੀਅਰ, ਸ਼੍ਰੀ ਕੁਲਦੀਪ ਸਿੰਘ, ਨਿਗਮ ਇੰਜੀਨੀਅਰ, ਸ਼੍ਰੀ ਹਰਪ੍ਰੀਤ ਸਿੰਘ ਨਿਗਮ ਇੰਜੀਨੀਅਰ, ਸ਼੍ਰੀ ਲਖਬੀਰ ਸਿੰਘ, ਮਿਊਂਸਪਲ ਟਾਊਨ ਪਲੈਨਰ, ਸ਼੍ਰੀ ਰਜਿੰਦਰ ਕੁਮਾਰ, ਲੇਖਾਕਾਰ, ਸਮੂਹ ਸੁਪਰਡੰਟ, ਸਮੂਹ ਸੈਨਟਰੀ ਇੰਸਪੈਕਟਰਜ ਅਤੇ ਹੋਰ ਵੱਖ ਵੱਖ ਨਗਰ ਨਿਗਮ ਦੇ ਅਧਿਕਾਰੀ ਇਸ ਮੀਟਿੰਗ ਵਿਚ ਸ਼ਾਮਿਲ ਹੋਏ। ਵੱਖ ਵੱਖ ਮਿਊਂਸਪਲ ਕੌਂਸਲਰਾਂ ਵਲੋਂ ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਭਾਗ ਲਿਆ ਗਿਆ, ਜਿਸ ਉਪਰੰਤ ਬਜਟ ਦੇ ਹਰੇਕ ਮੱਦ ਜਿਵੇਂ ਕਿ ਆਮਦਨ ਖਰਚਿਆ, ਅਚਨਚੇਤੀ ਖਰਚਿਆ ਅਤੇ ਵਿਕਾਸ ਦੇ ਕੰਮਾਂ ਤੇ ਆਉਣ ਵਾਲੇ ਖਰਚਿਆ ਤੇ ਵਿਸ਼ੇਸ਼ ਚਰਚਾ ਕੀਤੀ ਗਈ। ਇਸ ਮੀਟਿੰਗ ਵਿਚ ਵਿਕਾਸ ਦੇ ਕੰਮਾਂ ਤੇ ਖਰਚੇ ਦਾ ਉਪਬੰਧ ਜਿਆਦਾ ਰੱਖਣ ਤੇ ਵਿਸ਼ੇਸ਼ ਧਿਆਨ ਰੱਖਿਆ ਗਿਆ ਅਤੇ ਕੁੱਲ 1671.34 ਲੱਖ ਰੁਪਏ ਦੇ ਵਿਕਾਸ ਕੰਮਾਂ ਤੇ ਖਰਚ ਕਰਨਾ ਪ੍ਰਵਾਨ ਕੀਤਾ ਗਿਆ। ਪਾਰਕਾਂ ਦੀ ਮੈਨਟੀਨੈਂਸ ਲਈ 12 ਲੱਖ ਰੁਪਏ ਪਾਸ ਕੀਤਾ ਗਿਆ, ਉੱਥੇ ਗਾਊਸ਼ਾਲਾ ਅਤੇ ਅਵਾਰਾ ਪਸ਼ੂਆ ਦੀ ਸਾਂਭ ਸੰਭਾਂਲ ਲਈ 1 ਕਰੋੜ ਰੁਪਏ ਦਾ ਖਰਚਾ ਪ੍ਰਵਾਨ ਕੀਤਾ ਗਿਆ, ਪਬਲਿਕ ਟੁਆਇਲਟਜ ਦੀ ਸਾਂਭ ਸੰਭਾਂਲ ਲਈ 18 ਲੱਖ ਰੁਪਏ ਪ੍ਰਵਾਨ ਕੀਤਾ ਗਿਆ। ਇਸ ਤਰ੍ਹਾਂ ਹਰੇਕ ਸਾਲ ਦੀ ਤਰ੍ਹਾਂ ਸ਼ਹਿਰ ਦੇ ਸਮੁੱਚੇ ਵਿਕਾਸ ਲਈ ਅਤੇ ਹੋਰ ਖਰਚ ਮਾਮਲਿਆ ਸਬੰਧੀ ਵਿੱਤੀ ਸਾਲ 2025-26 ਲਈ ਕੁੱਲ 7752.00 ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ।ਉਹਨਾਂ ਅੱਗੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਤੀ 11.03.2025 ਨੂੰ ਬਜਟ ਮੀਟਿੰਗ ਉਪਰੰਤ ਬਾਅਦ ਦੁਪਹਿਰ 01:00 ਵਜੇ ਹਾਊਸ ਦੀ ਸਧਾਰਣ ਮੀਟਿੰਗ ਕੀਤੀ ਗਈ, ਜਿਸ ਵਿਚ ਜਿੱਥੇ ਨਗਰ ਨਿਗਮ ਦੇ ਵੱਖ ਵੱਖ ਅਧਿਕਾਰੀਆਂ ਵਲੋਂ ਭਾਗ ਲਿਆ ਗਿਆ, ਉੱਥੇ ਸ਼੍ਰੀ ਬ੍ਰਮ ਸ਼ੰਕਰ ਮਾਨਯੋਗ ਐਮ.ਐਲ.ਏ ਹੁਸ਼ਿਆਰਪੁਰ ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਵਿਚ ਵੱਖ ਵੱਖ ਕੌਂਸਲਰਾਂ ਵਲੋਂ ਭਾਗ ਲਿਆ ਗਿਆ, ਇਸ ਮੀਟਿੰਗ ਵਿਚ ਵੀ ਹੁਸ਼ਿਆਰਪੁਰ ਸ਼ਹਿਰ ਦੇ ਸਮੁੱਚੇ ਵਿਕਾਸ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਜਿਸ ਵਿਚ ਸਮੁੱਚੇ ਸ਼ਹਿਰ ਦਾ ਵਿਕਾਸ ਦੇ ਕੰਮਾਂ ਲਈ ਕੁੱਲ 34.41 ਕਰੋੜ ਰੁਪਏ ਦੇ ਕੰਮ ਪਾਸ ਕੀਤੇ ਗਏ, ਸ਼ਹਿਰ ਨੂੰ ਹਨੇਰੇ ਵਿਚੋਂ ਬਾਹਰ ਕੱਢਣ ਲਈ ਦਫਤਰ ਵਲੋਂ ਬਲੈਕ ਸਪੋਟਾਂ ਦੀ ਪਛਾਣ ਕੀਤੀ ਗਈ, ਸ਼ਹਿਰ ਵਿਚ ਵੱਖ ਵੱਖ ਥਾਂਵਾਂ ਤੇ ਸਟਰੀਟ ਲਾਈਟਾਂ ਲਗਾਉਣ ਲਈ 7.00 ਕਰੋੜ ਰੁਪਏ ਦਾ ਖਰਚਾ ਪ੍ਰਵਾਨ ਕੀਤਾ ਗਿਆ। ਨਵੇਂ ਟਿਊਬਵੈਲ ਲਗਾਉਣ, ਟਿਊਬਵੈਲ ਰੀਬੋਰ ਕਰਨ ਅਤੇ ਟਿਊਬਵੈਲ ਰਿਪੇਅਰ ਲਈ ਕੁੱਲ 5.00 ਕਰੋੜ ਰੁਪਏ ਦਾ ਖਰਚਾ ਪ੍ਰਵਾਨ ਕੀਤਾ ਗਿਆ, ਕਿਉਂਜੋ ਨਗਰ ਨਿਗਮ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਤੱਤਪਰ ਹੈ। ਇਸ ਲਈ ਨਗਰ ਨਿਗਮ ਹੁਸ਼ਿਆਰਪੁਰ ਸ਼ਹਿਰ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੇਗਾ।ਉਹਨਾਂ ਅੱਗੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼ਹਿਰ ਦੀ ਸਫਾਈ ਅਤੇ ਸਵੱਛਤਾ ਦੇ ਮੱਦੇਨਜਰ ਨਵੇਂ ਖਰੀਦੇ ਗਏ ਟਾਟਾ ਏਸ ਲਈ ਨਿਯੁਕਤ ਕੀਤੇ ਗਏ ਹੈਲਪਰਾ ਲਈ ਕੁੱਲ 48.91 ਲੱਖ ਰੁਪਏ ਖਰਚਾ ਪ੍ਰਵਾਨ ਕੀਤਾ ਗਿਆ ਹੈ।
