ਨਗਰ ਨਿਗਮ ਕਮਿਸ਼ਨਰ ਨੇ ਸ਼ਹਿਰ ਵਿੱਚ ਇਮਾਰਤਾਂ ਦੇ ਨਿਰਮਾਣ ਦੀ ਜਾਂਚ ਕੀਤੀ, ਦੋ ਇਮਾਰਤਾਂ ਸੀਲ

ਨਗਰ ਨਿਗਮ ਕਮਿਸ਼ਨਰ ਨੇ ਸ਼ਹਿਰ ਵਿੱਚ ਇਮਾਰਤਾਂ ਦੇ ਨਿਰਮਾਣ ਦੀ ਜਾਂਚ ਕੀਤੀ, ਦੋ ਇਮਾਰਤਾਂ ਸੀਲ

ਹੁਸ਼ਿਆਰਪੁਰ, 28 ਨਵੰਬਰ ( GBC UPDATE ): ਨਗਰ ਨਿਗਮ ਹੁਸ਼ਿਆਰਪੁਰ ਦੀ ਕਮਿਸ਼ਨਰ ਡਾ. ਅਮਨਦੀਪ ਕੌਰ ਨੇ ਅੱਜ ਸ਼ਹਿਰ ਵਿੱਚ ਇਮਾਰਤਾਂ ਦੇ ਨਿਰਮਾਣ ਦੇ ਦੌਰਾਨ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਕੜੀ ਕਾਰਵਾਈ ਕੀਤੀ। ਇਸ ਦੌਰਾਨ ਕਮਿਸ਼ਨਰ ਦੀ ਅਗਵਾਈ ਵਿੱਚ ਨਿਗਮ ਦੀ ਟੀਮ ਨੇ ਕੁੱਲ 18 ਥਾਵਾਂ ਦੀ ਜਾਂਚ ਕੀਤੀ।

ਜਾਂਚ ਦੌਰਾਨ ਦੋ ਇਮਾਰਤਾਂ ਵਿੱਚ ਨਿਯਮਾਂ ਦੀ ਗੰਭੀਰ ਉਲੰਘਣਾ ਪਾਈ ਗਈ, ਜਿਸ ਕਰਕੇ ਇਹਨਾਂ ਇਮਾਰਤਾਂ ਨੂੰ ਤੁਰੰਤ ਸੀਲ ਕਰ ਦਿੱਤਾ ਗਿਆ। ਬਾਕੀ 16 ਇਮਾਰਤਾਂ ਦੇ ਸੰਬੰਧ ਵਿੱਚ ਸ਼ੁਰੂਆਤੀ ਜਾਂਚ ਦੇ ਆਧਾਰ ‘ਤੇ ਨੋਟਿਸ ਜਾਰੀ ਕੀਤੇ ਗਏ ਹਨ।

ਡਾ. ਅਮਨਦੀਪ ਕੌਰ ਨੇ ਸੰਬੰਧਿਤ ਬਿਲਡਿੰਗ ਇੰਸਪੈਕਟਰਾਂ ਅਤੇ ਮਾਸਟਰ ਟਾਊਨ ਪਲਾਨਰ (ਐਮਟੀਪੀ) ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਹਨਾਂ ਇਮਾਰਤਾਂ ਦੀ ਵਿਸਥਾਰਿਤ ਰਿਪੋਰਟ ਕਲ ਤੱਕ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਇਮਾਰਤਾਂ ਦੇ ਨਿਰਮਾਣ ਦੌਰਾਨ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਾ ਨਗਰ ਨਿਗਮ ਦੀ ਪ੍ਰਾਥਮਿਕਤਾ ਹੈ, ਤਾਂ ਜੋ ਸ਼ਹਿਰ ਦਾ ਵਿਕਾਸ ਯੋਜਨਾਬੱਧ ਢੰਗ ਨਾਲ ਹੋ ਸਕੇ ਅਤੇ ਨਾਗਰਿਕਾਂ ਦੀ ਸੁਰੱਖਿਆ ਸੁਨਿਸ਼ਚਿਤ ਹੋਵੇ।

ਕਮਿਸ਼ਨਰ ਨੇ ਇਸ ਮੌਕੇ ‘ਤੇ ਸਪਸ਼ਟ ਕੀਤਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਚੈਕਿੰਗ ਨਿਯਮਿਤ ਰੂਪ ਵਿੱਚ ਜਾਰੀ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਵੇਗਾ।

ਕਮਿਸ਼ਨਰ ਨਗਰ ਨਿਗਮ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਮਾਰਤਾਂ ਦੇ ਨਿਰਮਾਣ ਦੌਰਾਨ ਨਿਗਮ ਦੁਆਰਾ ਨਿਰਧਾਰਿਤ ਨਿਯਮਾਂ ਅਤੇ ਪ੍ਰਕਿਰਿਆਵਾਂ ਦੀ ਪਾਲਣਾ ਕਰਨ। ਜੇਕਰ ਕਿਸੇ ਵੀ ਤਰ੍ਹਾਂ ਦਾ ਨਿਯਮ ਉਲੰਘਨ ਪਾਇਆ ਗਿਆ ਤਾਂ ਸੰਬੰਧਤ ਵਿਅਕਤੀਆਂ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ।