Nestle ਖਿਲਾਫ਼ ਭਾਰਤ ਸਰਕਾਰ ਨੇ ਦਿੱਤੇ ਜਾਂਚ ਦੇ ਹੁਕਮ, ਜਾਣੋ ਬੱਚਿਆਂ ਵਾਲੇ ਉਤਪਾਦਾਂ ‘ਚ ਕੀ ਮਿਲਾ ਰਹੀ ਕੰਪਨੀ
(TTT)ਨੈਸਲੇ ਦੇ ਉਤਪਾਦਾਂ ‘ਚ ਖੰਡ ਮਿਲਾਉਣ ਦੇ ਮਾਮਲੇ ‘ਚ ਭਾਰਤ ਸਰਕਾਰ ਨੇ ਸਖਤ ਕਦਮ ਚੁੱਕਦਿਆਂ ਕੰਪਨੀ ਦੇ ਉਤਪਾਦਾਂ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਇਹ ਖ਼ਬਰ ਉਨ੍ਹਾਂ ਬੱਚਿਆਂ ਦੇ ਮਾਪਿਆਂ ਲਈ ਬਹੁਤ ਮਹੱਤਵਪੂਰਨ ਹੈ, ਜਿਹੜੇ ਆਪਣੇ ਬੱਚਿਆਂ ਨੂੰ ਨੈਸਲੇ ਕੰਪਨੀ ਦੇ ਉਤਪਾਦ ਦਿੰਦੇ ਹਨ। ਬੱਚਿਆਂ ਲਈ ਪ੍ਰੋਸੈਸਡ ਫੂਡ ਬਣਾਉਣ ਦੇ ਮਾਮਲੇ ‘ਚ ਦੁਨੀਆ ਦੀ ਸਭ ਤੋਂ ਵੱਡੀ ਕੰਪਨੀਆਂ ‘ਚੋਂ ਇਕ ਨੈਸਲੇ ‘ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਕੰਪਨੀ ਦੇ ਦੋਹਰੇ ਮਾਪਦੰਡਾਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਭਾਰਤ ਦੀ FSSAI, ਨੈਸਲੇ ਉਤਪਾਦਾਂ ‘ਤੇ ਨਜ਼ਰ ਰੱਖੀ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਬੇਨਿਯਮੀਆਂ ਪਾਈਆਂ ਜਾਂਦੀਆਂ ਤਾਂ ਕੰਪਨੀ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ।
ਸੂਤਰਾਂ ਦੇ ਹਵਾਲੇ ਨਾਲ ਇਹ ਖੁਲਾਸਾ ਹੋਇਆ ਹੈ ਕਿ ਰੈਗੂਲੇਟਰ ਦੀ ਵਿਗਿਆਨਕ ਕਮੇਟੀ ਇਸ ਦੀ ਜਾਂਚ ਕਰੇਗੀ। ਸਰਕਾਰ ਨੇ ਭਾਰਤ ਵਿੱਚ ਵਿਕਣ ਵਾਲੇ ਬੱਚਿਆਂ ਦੇ ਦੁੱਧ ਵਿੱਚ ਕਥਿਤ ਤੌਰ ‘ਤੇ ਖੰਡ ਦੀ ਮਿਲਾਵਟ ਦੀਆਂ ਰਿਪੋਰਟਾਂ ਦੀ ਜਾਂਚ ਕਰਨ ਲਈ ਕਿਹਾ ਹੈ। ਦਰਅਸਲ, ਸਵਿਸ ਜਾਂਚ ਸੰਸਥਾ ਪਬਲਿਕ ਆਈ ਦੀ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ‘ਚ ਵੇਚੇ ਜਾ ਰਹੇ ਬੱਚਿਆਂ ਦੇ ਭੋਜਨ ‘ਚ ਕੰਪਨੀ ਖੰਡ ਦੀ ਵਰਤੋਂ ਕਰ ਰਹੀ ਹੈ। ਛੋਟੇ ਬੱਚਿਆਂ ਨੂੰ ਭੋਜਨ ‘ਚ ਖੰਡ ਦੇਣਾ ਸਿਹਤ ਲਈ ਹਾਨੀਕਾਰਕ ਹੈ, ਜਿਸ ਦੇ ਮੱਦੇਨਜ਼ਰ ਕੰਪਨੀ ਹੁਣ ਕੇਂਦਰ ਸਰਕਾਰ ਦੇ ਨਿਸ਼ਾਨੇ ‘ਤੇ ਆ ਗਈ ਹੈ।