
ਭਾਰਤ ਨੇ ਇੱਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਜੰਗ ਨਹੀਂ ਚਾਹੁੰਦਾ, ਪਰ ਪਾਕਿਸਤਾਨ ਦੀਆਂ ਭੜਕਾਊ ਗਤੀਵਿਧੀਆਂ ਕਾਰਨ ਢੁਕਵਾਂ ਜਵਾਬ ਦਿੱਤਾ ਜਾ ਰਿਹਾ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਦੋ ਅਧਿਕਾਰੀਆਂ ਸੋਫੀਆ ਕੁਰੈਸ਼ੀ ਅਤੇ ਵਿਓਮਿਕਾ ਸਿੰਘ ਦੇ ਨਾਲ ਇੱਕ ਵਾਰ ਫਿਰ ਪ੍ਰੈਸ ਨੂੰ ਪਾਕਿਸਤਾਨ ਨਾਲ ਚੱਲ ਰਹੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ।ਮੇਜਰ ਜਨਰਲ ਸੋਫੀਆ ਕੁਰੈਸ਼ੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਪਾਕਿਸਤਾਨ ਨੇ ਪੱਛਮੀ ਮੋਰਚੇ ਉਤੇ ਕਈ ਫੌਜੀ ਗਤੀਵਿਧੀਆਂ ਕੀਤੀਆਂ। ਉਸ ਨੇ ਪੰਜਾਬ ਦੇ ਏਅਰਬੇਸ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਲੰਬੀ ਦੂਰੀ ਦੇ ਹਥਿਆਰਾਂ, ਗੋਲਾ ਬਾਰੂਦ ਅਤੇ ਲੜਾਕੂ ਜਹਾਜ਼ਾਂ ਦੀ ਵਰਤੋਂ ਕਰਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਫੌਜਾਂ ਨੇ ਲਗਭਗ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ, ‘ਸਭ ਤੋਂ ਗੰਭੀਰ ਚਿੰਤਾ ਇਹ ਸੀ ਕਿ ਪਾਕਿਸਤਾਨ ਨੇ ਲਾਹੌਰ ਤੋਂ ਉਡਾਣ ਭਰਨ ਵਾਲੇ ਸਿਵਲੀਅਨ ਜਹਾਜ਼ਾਂ ਦੀ ਫੌਜੀ ਉਦੇਸ਼ਾਂ ਲਈ ਦੁਰਵਰਤੋਂ ਕੀਤੀ।’ ਇਹ ਅੰਤਰਰਾਸ਼ਟਰੀ ਨਿਯਮਾਂ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਘੋਰ ਉਲੰਘਣਾ ਹੈ। ਇਸ ਦੌਰਾਨ ਮਿਸਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਪਾਕਿਸਤਾਨੀ ਫੌਜ ਸਥਿਤੀ ਨੂੰ ਵਿਗਾੜਨ ਦੇ ਹਮਲਾਵਰ ਇਰਾਦੇ ਨਾਲ ਸਰਹੱਦ ਵੱਲ ਫੌਜਾਂ ਭੇਜ ਰਹੀ ਹੈ।ਵਿਕਰਮ ਮਿਸਰੀ ਨੇ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ, ਮੈਂ ਪਹਿਲਾਂ ਵੀ ਕਈ ਵਾਰ ਕਿਹਾ ਹੈ ਕਿ ਪਾਕਿਸਤਾਨ ਦੀਆਂ ਵਾਰ-ਵਾਰ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਭੜਕਾਊ ਅਤੇ ਤਣਾਅ ਵਧਾਉਣ ਵਾਲੀਆਂ ਰਹੀਆਂ ਹਨ। ਇਸ ਦੇ ਜਵਾਬ ਵਿੱਚ, ਭਾਰਤ ਨੇ ਹਮੇਸ਼ਾ ਸੰਜਮ ਅਤੇ ਜ਼ਿੰਮੇਵਾਰੀ ਨਾਲ ਜਵਾਬ ਦਿੱਤਾ ਹੈ। ਪਾਕਿਸਤਾਨੀ ਫੌਜ ਸਥਿਤੀ ਨੂੰ ਹੋਰ ਵਿਗਾੜਨ ਦੇ ਹਮਲਾਵਰ ਇਰਾਦੇ ਨਾਲ ਅੱਗੇ ਵਾਲੇ ਇਲਾਕਿਆਂ ਵਿੱਚ ਫੌਜ ਭੇਜ ਰਹੀ ਹੈ।


