ਫੂਡ ਸੇਫਟੀ ਟੀਮ ਨੇ ਗੜਦੀਵਾਲਾ, ਮੁਕੇਰੀਆਂ ਅਤੇ ਟਾਂਡਾ ਖੇਤਰਾਂ ਤੋੰ ਭਰੇ ਵੱਖ-ਵੱਖ ਖਾਧ ਪਦਾਰਥਾਂ ਦੇ ਨੌ ਸੈਂਪਲ

Date:

ਫੂਡ ਸੇਫਟੀ ਟੀਮ ਨੇ ਗੜਦੀਵਾਲਾ, ਮੁਕੇਰੀਆਂ ਅਤੇ ਟਾਂਡਾ ਖੇਤਰਾਂ ਤੋੰ ਭਰੇ ਵੱਖ-ਵੱਖ ਖਾਧ ਪਦਾਰਥਾਂ ਦੇ ਨੌ ਸੈਂਪਲ

ਹੁਸ਼ਿਆਰਪੁਰ 10 ਦਸੰਬਰ 2024 ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਡਾ. ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਸਿਹਤ ਅਫਸਰ ਡਾ. ਜਤਿੰਦਰ ਭਾਟੀਆ ਦੀ ਅਗਵਾਈ ਵਿੱਚ ਫੂਡ ਸੇਫਟੀ ਅਫਸਰ ਸ੍ਰੀ ਮਨੀਸ਼ ਸੋਢੀ ਅਤੇ ਫੂਡ ਸੇਫਟੀ ਟੀਮ ਦੇ ਹੋਰ ਮੈਂਬਰਾਂ ਵੱਲੋਂ ਗੜਦੀਵਾਲਾ, ਮੁਕੇਰੀਆਂ ਅਤੇ ਟਾਂਡਾ ਖੇਤਰਾਂ ਵਿਖੇ ਗੁੜ ਦੇ ਬੇਲਣਿਆਂ ਅਤੇ ਬੇਕਰੀਆਂ ਤੋਂ ਵੱਖ-ਵੱਖ ਖਾਧ ਪਦਾਰਥਾਂ ਦੇ ਨੌ ਸੈਂਪਲ ਭਰੇ ਗਏ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਜ਼ਿਲਾ ਸਿਹਤ ਅਫਸਰ ਡਾ. ਜਤਿੰਦਰ ਭਾਟੀਆ ਅਤੇ ਫੂਡ ਸੇਫਟੀ ਅਫ਼ਸਰ ਮਨੀਸ਼ ਸੋਢੀ ਨੇ ਦੱਸਿਆ ਕਿ ਇਹਨਾਂ ਵੱਖ ਵੱਖ ਖੇਤਰਾਂ ਦੀ ਚੈਕਿੰਗ ਦੌਰਾਨ ਗੁੜ ਦੇ ਬੇਲਣਿਆਂ ਅਤੇ ਬੇਕਰੀਆਂ ਤੋਂ ਦੁੱਧ, ਦੇਸੀ ਘਿਓ, ਬੇਸਨ, ਨਮਕੀਨ, ਆਂਡੇ, ਗੁੜ ਅਤੇ ਸ਼ੱਕਰ ਦੇ ਕੁੱਲ 9 ਸੈਂਪਲ ਲਏ ਗਏ ਜੋ ਕਿ ਟੈਸਟ ਲਈ ਫੂਡ ਲੈਬ ਖਰੜ ਭੇਜ ਦਿੱਤੇ ਗਏ ਹਨ। ਅਗਲੀ ਕਾਰਵਾਈ ਰਿਪੋਰਟ ਆਉਣ ਉਪਰੰਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਚੈਕਿੰਗ ਦੌਰਾਨ ਗੁੜ ਦੇ ਬੇਲਣਿਆਂ ਦੇ ਮਾਲਕਾਂ ਅਤੇ ਕਰਿੰਦਿਆਂ ਨੂੰ ਅਤੇ ਵੱਖ-ਵੱਖ ਬੇਕਰੀਆਂ ਦੇ ਮਾਲਕਾਂ ਨੂੰ Fssai ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਵੀ ਨਿਰਦੇਸ਼ ਦਿੱਤੇ ਗਏ ਹਨ।ਇਸਦੇ ਨਾਲ ਹੀ ਇਹਨਾਂ ਖਾਧ ਪਦਾਰਥ ਵਿਕਰੇਤਾਵਾਂ ਨੂੰ ਚੰਗੀ ਸਫਾਈ ਅਭਿਆਸਾਂ ਦੀ ਪਾਲਣਾ ਕਰਨ ਦੀ ਚੇਤਾਵਨੀ ਦਿੱਤੀ ਗਈ। ਉਹਨਾਂ ਕਿਹਾ ਖਾਧ ਪਦਾਰਥਾਂ ਦੀ ਗੁਣਵੱਤਾ ਦਾ ਧਿਆਨ ਨਾ ਰੱਖਣ ਵਾਲਿਆਂ ਅਤੇ ਮਿਲਾਵਟ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।