ਸੁਨੀਲ ਜਾਖੜ ਦੀ ਅਗਵਾਈ ਹੇਠ ਵਫ਼ਦ ਨੇ ਭਾਰਤੀ ਚੋਣ ਕਮਿਸ਼ਨ ਦੇ ਨਾਂਅ ਦਿੱਤਾ ਮੰਗ ਪੱਤਰ
(TTT)ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ’ਚ ਇਕ ਵਫ਼ਦ ਨੇ ਪੰਜਾਬ ਦੇ ਚੋਣ ਕਮਿਸ਼ਨ ਰਾਹੀਂ ਭਾਰਤੀ ਚੋਣ ਕਮਿਸ਼ਨ ਲਈ ਇਕ ਮੰਗ ਪੱਤਰ ਦਿੱਤਾ ਹੈ। ਭਾਜਪਾ ਨੇ ਮੰਗ ਕੀਤੀ ਹੈ ਕਿ ਦਿੱਲੀ ਦੀ ਤਰਜ਼ ’ਤੇ ਹੀ ਪੰਜਾਬ ਦੀ ਆਬਕਾਰੀ ਨੀਤੀ ਬਣੀ ਹੈ ਅਤੇ ਇਸ ਨੀਤੀ ਵਿਚ ਵੱਡਾ ਘਪਲਾ ਕੀਤਾ ਗਿਆ ਹੈ, ਜਿਸ ਦੀ ਜਾਂਚ ਈ. ਡੀ ਵਲੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਧਿਕਾਰੀਆਂ ਨੇ ਇਸ ਨੀਤੀ ਦਾ ਵਿਰੋਧ ਵੀ ਕੀਤਾ ਸੀ ਪਰ ਉਨ੍ਹਾਂ ਦੀ ਗੱਲ ਨਹੀਂ ਮੰਨੀ ਗਈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਜਦੋਂ ਸ਼ਰਾਬ ਨੀਤੀ ਨੂੰ ਲੈ ਕੇ ਮੀਟਿੰਗ ਹੋਈ ਸੀ ਤਾਂ ਉਸ ਵੇਲੇ ਮੀਟਿੰਗ ਵਿਚ ਸਾਊਥ ਗਰੁੱਪ ਦੇ ਨੁਮਾਇੰਦਿਆਂ ਤੋਂ ਇਲਾਵਾ ਰਾਘਵ ਚੱਡਾ, ਹਰਪਾਲ ਸਿੰਘ ਚੀਮਾ ਅਤੇ ਪੰਜਾਬ ਦੇ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਤਾਂ 100 ਕਰੋੜ ਦੇ ਘਪਲੇ ਦਾ ਦੋਸ਼ ਲੱਗਿਆ ਹੈ ਪਰ ਪੰਜਾਬ ਵਿਚ ਹਜ਼ਾਰਾਂ ਕਰੋੜ ਰੁਪਏ ਦਾ ਘਪਲਾ ਸਾਹਮਣੇ ਆਏਗਾ ਅਤੇ ਸਾਨੂੰ ਖਦਸ਼ਾ ਹੈ ਕਿ ਇਸ ਚੋਣ ਵਿਚ ਇਹ ਪੈਸਾ ਤੇ ਸ਼ਰਾਬ ਵੋਟਰਾਂ ਨੂੰ ਭਰਮਾਉਣ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸ਼ਹੀਦਾਂ ਦੇ ਨਾਂ ਉੱਤੇ ਸ਼ਰਾਬ ਵਰਗਾ ਧੰਦਾ ਚਲਾ ਕੇ ਲੋਕਾਂ ਨੂੰ ਲੁੱਟ ਵੀ ਰਹੇ ਆ ਤੇ ਉਨ੍ਹਾਂ ਦੀ ਜਾਨ ਵੀ ਲੈ ਰਹੀ ਹੈ।