ਹੁਸ਼ਿਆਰਪੁਰ 7 ਮਈ (ਬਜਰੰਗੀ ਪਾਂਡੇ):ਅੱਜ ਇੱਥੇ ਸ਼ਹੀਦ ਸਾਥੀ ਚੰਨਣ ਸਿੰਘ ਧੂਤ ਭਵਨ ਵਿਖੇ ਸੀ.ਪੀ.ਆਈ.(ਐਮ) ਜ਼ਿਲ੍ਹਾ ਹੁਸ਼ਿਆਰਪੁਰ ਦੀ ਸਕੱਤਰੇਤ ਦੀ ਮੀਟਿੰਗ ਕਾਮ:ਸੁਭਾਸ਼ ਮੱਟੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਸੀ.ਪੀ.ਆਈ. ਦੇ ਕੌਮੀ ਆਗੂ ਕਾਮ: ਅਤੁਲ ਅਨਜਾਣ ਅਤੇ ਮੁਕੇਰੀਆਂ ਤਹਿਸੀਲ ਕਮੇਟੀ ਮੈਂਬਰ ਕਾਮ:ਸੁਰਜੀਤ ਸਿੰਘ ਬਾੜੀ ਜੋ ਪਿਛਲੇ ਦਿਨੀ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਸਨ ਨੂੰ ਦੋ ਮਿੰਟ ਖੜੇ ਹੋ ਕੇ ਸ਼ਰਧਾਂਜਲੀ ਦਿੱਤੀ ਗਈ। ਮੀਟਿੰਗ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਸਬੰਧੀ ਲੋਕਸਭਾ ਹਲਕਾ ਜਲੰਧਰ ਤੋਂ ਪਾਰਟੀ ਉਮੀਦਵਾਰ ਸਾਥੀ ਪ੍ਰਸ਼ੋਤਮ ਲਾਲ ਬਿਲਗਾ ਦੀ ਚੋਣ ਮੁਹਿੰਮ ਨੂੰ ਹਲਕਾ ਆਦਮਪੁਰ ਵਿੱਚ ਸੁਚਾਰੂ ਢੰਗ ਲਾਲ ਚਲਾਉਣ ਲਈ ਵਿਚਾਰਾਂ ਕੀਤੀਆਂ ਗਈਆਂ। ਯਾਦ ਰਹੇ ਕਿ ਵਿਧਾਨ ਸਭਾ ਹਲਕਾ ਆਦਮਪੁਰ ਵਿੱਚ ਦੂਸਰੇ ਸਾਥੀਆਂ ਨਾਲ ਸਹਿਯੋਗ ਕਰਕੇ ਚੋਣ ਮੁਹਿੰਮ ਚਲਾਉਣ ਦੀ ਜ਼ਿੰਮੇਵਾਰੀ ਹੁਸ਼ਿਆਰਪੁਰ ਜ਼ਿਲ੍ਹਾ ਕਮੇਟੀ ਦੀ ਲਗਾਈ ਗਈ ਹੈ। ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਜ਼ਿਲ੍ਹਾ ਸਕੱਤਰ ਸਾਥੀ ਗੁਰਨੇਕ ਸਿੰਘ ਭੱਜਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਆਦਮਪੁਰ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਗੜ੍ਹਸ਼ੰਕਰ ਤਹਿਸੀਲ ਦੇ ਸਾਥੀ ਚੋਣ ਮੁਹਿੰਮ ਨੂੰ ਲਾਮਬੰਦ ਕਰਨਗੇ। ਚੋਲਾਂਗ ਅਤੇ ਭੋਗਪੁਰ ਦੇ ਇਲਾਕਿਆਂ ਵਿੱਚ ਪੈਂਦੇ ਪਿੰਡਾਂ ਅੰਦਰ ਸੀ.ਪੀ.ਆਈ. ਦੇ ਸਾਥੀਆਂ ਨਾਲ ਤਾਲਮੇਲ ਕਰਕੇ ਤਹਿਸੀਲ ਹੁਸ਼ਿਆਰਪੁਰ, ਦਸੂਹਾ ਅਤੇ ਮੁਕੇਰੀਆਂ ਦੇ ਸਾਥੀ ਚੋਣ ਮੁਹਿੰਮ ਚਲਾਉਣਗੇ। ਫੈਸਲਾ ਕੀਤਾ ਗਿਆ ਕਿ 13 ਮਈ ਨੂੰ ਸਾਥੀ ਬਿਲਗਾ ਜੀ ਦੇ ਨਾਮਜਦਗੀ ਫਾਰਮ ਭਰਨ ਸਮੇਂ ਜ਼ਿਲ੍ਹੇ ਦੀਆਂ ਚਾਰੇ ਤਹਿਸੀਲਾਂ ਵਿਚੋਂ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਿਲ ਹੋਣਗੇ। ਜਿਸ ਦਿਨ ਰੋਡ ਸ਼ੋਅ ਕੱਢਿਆ ਜਾਵੇਗਾ ਉਸ ਦਿਨ ਆਦਮਪੁਰ ਹਲਕੇ ਵਿਚੋਂ ਭਾਰੀ ਗਿਣਤੀ ਵਿੱਚ ਲੋਕਾਂ ਨੂੰ ਸ਼ਾਮਿਲ ਕਰਵਾਇਆ ਜਾਵੇਗਾ। 28 ਮਈ ਨੂੰ ਜੰਡਿਆਲਾ ਅੰਦਰ ਕੀਤੀ ਜਾ ਰਹੀ ਵੱਡੀ ਰੈਲੀ ਜਿਸ ਨੂੰ ਸੀ.ਪੀ.ਆਈ.(ਐਮ) ਦੇ ਜਨਰਲ ਸਕੱਤਰ ਕਾਮ: ਸੀਤਾ ਰਾਮ ਯੈਚੂਰੀ ਸੰਬੋਧਨ ਕਰਨਗੇ, ਉਸ ਵਿੱਚ ਵੱਧ ਤੋਂ ਵੱਧ ਲੋਕਾਂ ਦੇ ਸ਼ਮੂਲੀਅਤ ਲਈ ਪੂਰਾ ਤਾਣ ਲਾਇਆ ਜਾਵੇਗਾ। ਸੂਬਾਈ ਵੰਡ ਅਤੇ ਚੋਣ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਫੰਡ ਇਕੱਠਾ ਕਰਨ ਲਈ ਠੋਸ ਪ੍ਰੋਗਰਾਮ ਬਣਾਏ ਗਏ। ਮੀਟਿੰਗ ਵਿੱਚ ਸਰਵ ਸਾਥੀ ਗੁਰਮੇਸ਼ ਸਿੰਘ, ਦਰਸ਼ਨ ਸਿੰਘ ਮੱਟੂ, ਮਹਿੰਦਰ ਕੁਮਾਰ ਬੱਢੋਆਣ, ਆਸ਼ਾ ਨੰਦ ਕਾਲੂ ਚਾਂਗ, ਰਣਜੀਤ ਸਿੰਘ ਚੋਹਾਨ ਅਤੇ ਕਮਲਜੀਤ ਸਿੰਘ ਰਾਜਪੁਰ ਭਾਈਆਂ ਹਾਜ਼ਰ ਸਨ।
ਆਦਮਪੁਰ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਗੜ੍ਹਸ਼ੰਕਰ ਤਹਿਸੀਲ ਦੇ ਸਾਥੀ ਚੋਣ ਮੁਹਿੰਮ ਨੂੰ ਲਾਮਬੰਦ ਕਰਨਗੇ :ਸੁਭਾਸ਼ ਮੱਟੂ
Date: