
ਥੈਲੇਸੀਮਿਆ ਪ੍ਰਤੀ ਜਾਗਰੂਕਤਾ ਹੀ ਇਸ ਦੇ ਇਲਾਜ਼ ਵਿਚ ਸਹਾਈ ਹੁੰਦੀ ਹੈ: ਡਾ ਸੀਮਾ ਗਰਗ

(TTT) ਹੁਸ਼ਿਆਰਪੁਰ 8 ਮਈ 2025 ਵਿਸ਼ਵ ਥੈਲੇਸੀਮੀਆ ਦਿਵਸ ਹਰ ਸਾਲ 8 ਮਈ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਸਥਿਤੀ ਨਾਲ ਪੀੜਤ ਲੋਕਾਂ ਨੂੰ ਸਸ਼ਕਤੀਕਰਨ ਦੇ ਕੇ ਸਿਹਤਮੰਦ, ਲੰਬੀ ਅਤੇ ਵਧੇਰੇ ਲਾਭਕਾਰੀ ਜ਼ਿੰਦਗੀ ਜਿਉਣ ਵਿੱਚ ਮਦਦ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ। ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਦੇ ਨਿਰਦੇਸ਼ਾਂ ਅਨੁਸਾਰ ਜ਼ਿਲੇ ਭਰ ਵਿਚ ਥੈਲਾਸੀਮੀਆ ਦਿਵਸ ਸੰਬੰਧੀ ਆਈ.ਈ. ਸੀ ਗਤੀਵਿਧੀਆਂ ਕੀਤੀਆਂ ਗਈਆਂ। ਇਸ ਮੌਕੇ ਜ਼ਿਲਾ ਟੀਕਾਕਰਨ ਅਫ਼ਸਰ ਡਾ ਸੀਮਾ ਗਰਗ ਵਲੋਂ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਨਰਸਿੰਗ ਵਿਦਿਆਰਥਣਾਂ ਅਤੇ ਆਮ ਲੋਕਾਂ ਨੂੰ ਇਸ ਦਿਵਸ ਸੰਬੰਧੀ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਸਾਲ ਦਾ ਥੀਮ “ਥੈਲੇਸੀਮੀਆ ਲਈ ਇਕੱਠੇ ਭਾਈਚਾਰਿਆਂ ਨੂੰ ਇਕਜੁੱਟ ਕਰਨਾ, ਮਰੀਜ਼ਾਂ ਨੂੰ ਤਰਜੀਹ ਦੇਣਾ” ਹੈ। ਇਸ ਦਿਵਸ ਦਾ ਮੁੱਖ ਉਦੇਸ਼ ਥੈਲਾਸੀਮੀਆ ਬਾਰੇ ਗਿਆਨ ਸਾਂਝਾ ਕਰਨਾ, ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨਾ ਅਤੇ ਗੁਣਵੱਤਾ ਵਾਲੀ ਥੈਲੇਸੀਮੀਆ ਸਿੱਖਿਆ ਦੇਣਾ ਹੈ।ਉਨ੍ਹਾਂ ਕਿਹਾ ਥੈਲੇਸੀਮਿਆ ਪ੍ਰਤੀ ਜਾਗਰੂਕਤਾ ਹੀ ਇਸ ਦੇ ਇਲਾਜ਼ ਵਿਚ ਸਹਾਈ ਹੁੰਦੀ ਹੈ।ਪਰ ਥੈਲਾਸੇਮੀਆ ਸਬੰਧੀ ਲੋਕਾਂ ਵਿਚ ਬਹੁਤ ਘੱਟ ਜਾਗਰੂਕਤਾ ਹੈ ਜਿਸ ਕਾਰਨ ਜਾਣੇ ਅਣਜਾਣੇ ਵਿਚ ਇਕ ਨੰਨੀ ਜਾਨ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੀ ਹੈ। ਸੋ ਲੋੜ ਹੈ ਇਸ ਬਿਮਾਰੀ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਨਵ ਜਨਮੇ ਬੱਚੇ ਨੂੰ ਬਚਾਇਆ ਜਾ ਸਕੇ। ਇਸ ਬਿਮਾਰੀ ਨਾਲ ਨਵ ਜਨਮੇ ਬੱਚੇ ਵਿਚ ਖੂਨ ਬਣਨ ਦੀ ਪ੍ਰਕਿਰਿਆ ਬਹੁਤ ਘੱਟ ਹੁੰਦੀ ਹੈ ਜਿਸ ਕਾਰਨ ਬੱਚੇ ਨੂੰ ਹਰ 10 ਜਾਂ 15 ਦਿਨਾਂ ਬਾਅਦ ਖੂਨ ਚੜਾਉਣ ਦੀ ਲੋੜ ਪੈਂਦੀ ਹੈ। ਇਹ ਬੱਚਿਆ ਨੂੰ ਆਪਣੇ ਮਾਤਾ ਪਿਤਾ ਤੋਂ ਪੀੜੀ ਦਰ ਪੀੜੀ ਚੱਲਣ ਵਾਲਾ ਰੋਗ ਹੈ।ਇਸ ਬਿਮਾਰੀ ਦੇ ਲੱਛਣ ਬਾਰੇ ਉਨਾ ਦੱਸਿਆ ਕਿ ਸ਼ੁਰੂ ਵਿਚ ਬੱਚਾ ਆਮ ਵਿਖਾਈ ਦਿੰਦਾ ਹੈ ਪਰ ਉਮਰ ਦੇ ਨਾਲ ਨਾਲ ਉਸ ਵਿਚ ਖੂਨ ਦੀ ਕਮੀ ਹੋ ਜਾਂਦੀ ਹੈ ਤੇ ਅੱਗੇ ਚੱਲਕੇ ਬੱਚਾ ਕਮਜੋਰ ਹੋ ਜਾਂਦਾ ਹੈ ਸਰੀਰ ਹਲਕਾ ਹੋ ਜਾਂਦਾ ਹੈ ਦਿਲ ਦੀ ਧੜਕਨ ਵੱਧ ਜਾਂਦੀ ਹੈ ਬੱਚਾ ਖੇਡ ਕੁੱਦ ਵਿਚ ਭਾਗ ਨਹੀ ਲੈ ਸਕਦਾ ਇਸੇ ਸਮੇਂ ਦੌਰਾਨ ਬੱਚੇ ਦੇ ਗਲੇ ਅਤੇ ਅੱਖਾਂ ਵਿਚ ਸੋਜ ਰਹਿਣ ਲੱਗ ਜਾਂਦੀ ਹੈ। ਬੱਚਾ ਲਗਾਤਾਰ ਬਿਮਾਰ ਰਹਿਣ ਲੱਗ ਜਾਂਦਾ ਹੈ ਭਾਰ ਨਹੀ ਵੱਧਦਾ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਜਾਣਕਾਰੀ ਤੇ ਜਾਗਰੂਕਤਾ ਰਾਹੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਦੀ ਖੂਨ ਦੀ ਲੋੜ ਨੂੰ ਪੂਰਾ ਕਰਨ ਅਤੇ ਹੋਰ ਲੋੜਵੰਦਾਂ ਲਈ ਵੀ ਵੱਧ ਤੋਂ ਵੱਧ ਲੋਕਾਂ ਨੂੰ ਖੂਨਦਾਨ ਮੁਹਿੰਮ ਨਾਲ ਜੁੜਨਾ ਚਾਹੀਦਾ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ ਜਸਵੰਤ ਸਿੰਘ ਥਿੰਦ , ਹਸਪਤਾਲ ਦਾ ਸਮੂਹ ਸਟਾਫ ਅਤੇ ਹੋਰ ਮੌਜੂਦ ਸਨ।

