ਸਮਾਜ ’ਚ ਔਰਤਾਂ ਦੇ ਸਨਮਾਨ ਅਤੇ ਉਨ੍ਹਾਂ ਦੀ ਸ਼ਕਤੀ ਦਾ ਪ੍ਰਤੀਕ ਹੈ ਤੀਜ ਦਾ ਤਿਉਹਾਰ : ਬ੍ਰਮ ਸ਼ੰਕਰ ਜਿੰਪਾ
ਕੈਬਨਿਟ ਮੰਤਰੀ ਨੇ ਪਿੰਡ ਬੱਸੀ ਦਾਊਦ ਖਾਂ ’ਚ ’ਵਿਰਸੇ ਦੇ ਵਾਰਿਸ ਸੋਸਾਇਟੀ’ ਵਲੋਂ ਆਯੋਜਿਤ ਤੀਜ ਦੇ ਤਿਉਹਾਰ ’ਚ ਕੀਤੀ ਸ਼ਿਰਕਤ
ਹੁਸ਼ਿਆਰਪੁਰ, 4 ਅਗਸਤ :(TTT) ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਹੁਸ਼ਿਆਰਪੁਰ ਦੇ ਪਿੰਡ ਬੱਸੀ ਦਾਊਦ ਖਾਂ ਵਿਖੇ ਵਿਰਸੇ ਦੇ ਵਾਰਿਸ ਸੋਸਾਇਟੀ ਵਲੋਂ ਆਯੋਜਿਤ ਤੀਜ ਦੇ ਤਿਉਹਾਰ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪਿੰਡ ਵਾਸੀਆਂ ਅਤੇ ਸੋਸਾਇਟੀ ਦੇ ਮੈਂਬਰਾਂ ਨੇ ਕੈਬਨਿਟ ਮੰਤਰੀ ਦਾ ਨਿੱਘਾ ਸਵਾਗਤ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਪਿੰਡ ਦੀਆਂ ਬੱਚੀਆਂ ਦੁਆਰਾ ਪੇਸ਼ ਸਭਿਆਚਾਰਕ ਪ੍ਰੋਗਰਾਮ ਨਾਲ ਹੋਈ, ਜਿਸ ਵਿਚ ਰਵਾਇਤੀ ਲੋਕ ਗੀਤਾਂ ਅਤੇ ਨਾਚ ਦਾ ਪ੍ਰਦਰਸ਼ਨ ਕੀਤਾ ਗਿਆ। ਬੱਚੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨੇ ਸਾਰੇ ਹਾਜ਼ਰ ਲੋਕਾਂ ਦਾ ਦਿਲ ਜਿੱਤ ਲਿਆ। ਕੈਬਨਿਟ ਮੰਤਰੀ ਨੇ ਬੱਚਿਆਂ ਦੇ ਇਸ ਉਪਰਾਲੇ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਸਾਡੇ ਸਭਿਆਚਾਰ ਅਤੇ ਪਰੰਪਰਾਵਾਂ ਨੂੰ ਜਿਉਂਦਾ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਬੱਚੀਆਂ ਅਤੇ ਸੋਸਾਇਟੀ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਵੀ ਕੀਤਾ।
ਕੈਬਨਿਟ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਤੀਜ ਦਾ ਤਿਉਹਾਰ ਸਾਡੇ ਸਮਾਜ ਵਿਚ ਔਰਤਾਂ ਦੇ ਸਨਮਾਨ ਅਤੇ ਉਨ੍ਹਾਂ ਦੀ ਸ਼ਕਤੀ ਦਾ ਪ੍ਰਤੀਕ ਹੈ। ਇਸ ਤਰ੍ਹਾਂ ਦੇ ਆਯੋਜਨਾਂ ਨਾਲ ਨਾ ਕੇਵਲ ਸਾਡੇ ਸਭਿਆਚਾਰਕ ਵਿਰਾਸਤ ਨੂੰ ਸੰਭਾਲ ਸਕਦੇ ਹਨ, ਬਲਕਿ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਵੀ ਜੋੜਿਆ ਜਾ ਸਕਦਾ ਹੈ।
ਬ੍ਰਮ ਸ਼ੰਕਰ ਜਿੰਪਾ ਨੇ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਆਪਣੇ ਹਲਕੇ ਦੀ ਪਾਣੀ ਦੀ ਸਪਲਾਈ ਦੀ ਕਮੀ ਵਰਗੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਮੰਤਰੀ ਜੀ ਨੇ ਸਾਰੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਪਿੰਡ ਦੇ ਵਿਕਾਸ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ ਅਤੇ ਇਨ੍ਹਾਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ।
ਇਸ ਮੌਕੇ ਵਿਰਸੇ ਦੇ ਵਾਰਿਸ ਸੋਸਾਇਟੀ ਦੇ ਪ੍ਰਧਾਨ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਪਿੰਡ ਵਾਸੀਆਂ ਵਿਚ ਨਵੀਂ ਊਰਜਾ ਦਾ ਸੰਚਾਰ ਹੋਇਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਰਕਾਰ ਦੁਆਰਾ ਜਲਦ ਹੀ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।
ਇਸ ਮੌਕੇ ਅਮਰਜੀਤ ਸਿੰਘ ਬਾਜਵਾ, ਅਸ਼ੋਕ ਪਹਿਲਵਾਨ, ਸੁਖਦੇਵ ਸਿੰਘ ਸੁੱਖਾ, ਐਡਵੋਕੇਟ ਅਮਰਜੋਤ, ਪ੍ਰੀਤਪਾਲ, ਜਗਤਾਰ ਸਿੰਘ ਸਾਬੀ, ਸਰਪੰਚ ਨਿਰਮਲ ਕਾਂਤਾ, ਪੰਚ ਬਲਵੀਰ ਕੁਮਾਰ, ਰਾਜ ਕੌਰ, ਦਲਵਿੰਦਰ ਸਿੰਘ, ਰਾਜ ਰਾਣੀ, ਵਿਨਾਕਸ਼ੀ ਕੁਮਾਰੀ, ਪਿੰਡ ਮੰਨਣ ਦੇ ਸਰਪੰਚ ਮਹਿੰਦਰ, ਮੰਗੀ ਲਾਲ, ਕੋਮਲਪ੍ਰੀਤ ਕੌਰ, ਹਰਪ੍ਰੀਤ ਕੌਰ, ਰਮਨਜੋਤ ਸੈਣੀ, ਜਸਲੀਨ ਕੌਰ, ਸੁਖਵਿੰਦਰ ਕੌਰ, ਅਨਮੋਲਪ੍ਰੀਤ ਕੌਰ, ਹਰਜੋਤ ਸਿੰਘ, ਗੁਰਬਾਜ ਸਿੰਘ, ਤਰਨਪ੍ਰੀਤ ਕੌਰ ਵੀ ਮੌਜੂਦ ਸਨ।