ਤਿਉਹਾਰੀ ਸੀਜਨ ਨੂੰ ਮੁੱਖ ਰੱਖਦਿਆਂ ਇਸ ਤਰਾਂ ਦੀਆਂ ਚੈਕਿੰਗ ਲਗਾਤਾਰ ਜਾਰੀ ਰਹਿਣਗੀਆਂ: ਜਿਲਾ ਸਿਹਤ ਅਫਸਰ ਡਾ ਜਤਿੰਦਰ ਭਾਟੀਆ
ਸਿਹਤ ਵਿਭਾਗ ਵੱਲੋਂ ਮਿਆਦ ਪੁਗਾ ਚੁੱਕਾ ਦੇਸੀ ਘਿਓ, ਮੱਖਣ ਅਤੇ ਬਨਸਪਤੀ ਘਿਓ ਮੌਕੇ ਤੇ ਨਸ਼ਟ ਕਰਵਾਇਆ ਗਿਆ
ਹੁਸ਼ਿਆਰਪੁਰ 27 ਸਤੰਬਰ 2024 (TTT) ਮਾਨਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਅਫਸਰ ਡਾ ਜਤਿੰਦਰ ਕੁਮਾਰ ਭਾਟੀਆ ਦੀ ਅਗਵਾਈ ਵਿੱਚ ਫੂਡ ਸੇਫਟੀ ਅਫਸਰ ਸ੍ਰੀ ਵਿਵੇਕ ਕੁਮਾਰ ਅਤੇ ਉਹਨਾਂ ਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਬੀਤੇ ਦਿਨ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਦੇਸੀ ਘਿਉ, ਮੱਖਣ ਅਤੇ ਬਨਸਪਤੀ ਘਿਓ ਬਣਾਉਣ ਵਾਲੀਆਂ ਦੁਕਾਨਾਂ, ਗੁਦਾਮਾਂ/ਕਾਰਖਾਨਿਆਂ ਦੀ ਚੈਕਿੰਗ ਕੀਤੀ ਗਈ।ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਜਿਲਾ ਸਿਹਤ ਅਫਸਰ ਡਾ ਜਤਿੰਦਰ ਭਾਟੀਆ ਨੇ ਦੱਸਿਆ ਕਿ ਮਿਲੀ ਗੁਪਤ ਸੂਚਨਾਂ ਦੇ ਆਧਾਰ ਤੇ ਖਾਨਪੁਰੀ ਗੇਟ, ਗਊਸ਼ਾਲਾ ਬਾਜ਼ਾਰ ਅਤੇ ਗੁੜ ਮੰਡੀ ਦੀਆਂ ਕਰਿਆਨਾਂ ਦੀਆਂ ਦੁਕਾਨਾਂ ਤੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਜਿਨ੍ਹਾਂ ਦੁਕਾਨਾਂ ਗੁਦਾਮਾਂ ਤੋਂ ਮਿਆਦ ਪੁਗਾ ਚੁੱਕਾ ਦੇਸੀ ਘਿਓ ਅਤੇ ਮੱਖਣ ਪ੍ਰਾਪਤ ਹੋਇਆ, ਉਸ ਨੂੰ ਮੌਕੇ ਤੇ ਹੀ ਨਸ਼ਟ ਕਰਵਾਇਆ ਗਿਆ ਅਤੇ ਸੈਂਪਲ ਵੀ ਲਏ ਗਏ। ਇਸ ਚੈਕਿੰਗ ਦੌਰਾਨ ਕੁੱਲ 7 ਦੇਸੀ ਘਿਓ ਅਤੇ ਮੱਖਣ ਦੇ ਸੈਂਪਲ ਭਰੇ ਗਏ।ਸੈਂਪਲਾਂ ਨੂੰ ਨਿਰੀਖਣ ਕਰਨ ਲਈ ਫੂਡ ਲੈਬ ਖਰੜ ਵਿਖੇ ਭੇਜ ਦਿੱਤਾ ਗਿਆ ਹੈ।ਜਿਨ੍ਹਾਂ ਤੇ ਅਗਲੇਰੀ ਕਾਰਵਾਈ ਸੈਂਪਲਾਂ ਦੀ ਰਿਪੋਰਟ ਦੇ ਪ੍ਰਾਪਤ ਹੋਣ ਉਪਰੰਤ ਫੂਡ ਸੇਫਟੀ ਅਤੇ ਸਟੈਂਡਰਡ ਐਕਟ 2006 ਅਧੀਨ ਕੀਤੀ ਜਾਵੇਗੀ।
ਜਿਲ੍ਹਾ ਸਿਹਤ ਅਫਸਰ ਨੇ ਕਿਹਾ ਕਿ ਤਿਉਹਾਰੀ ਸੀਜਨ ਨੂੰ ਮੁੱਖ ਰੱਖਦਿਆਂ ਇਸ ਤਰਾਂ ਦੀਆਂ ਚੈਕਿੰਗ ਲਗਾਤਾਰ ਜਾਰੀ ਰਹਿਣਗੀਆਂ। ਕਿਸੇ ਵੀ ਕਿਸਮ ਦੀ ਮਿਲਾਵਟ ਜਾਂ ਮਿਆਦ ਪੁੱਗੇ ਸਮਾਨ ਦੀ ਵਿਕਰੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਜਿਹਾ ਕਰਨ ਵਾਲਿਆਂ ਦੇ ਖਿਲਾਫ ਫੂਡ ਸੇਫਟੀ ਸਟੈਂਡਰਡ ਐਕਟ ਅਧੀਨ ਸਖਤ ਕਾਰਵਾਈ ਕੀਤੀ ਜਾਵੇਗੀ।