ਹੁਸ਼ਿਆਰਪੁਰ, 18 ਮਾਰਚ: ਪੰਜਾਬ ਸਰਕਾਰ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਸ. ਜਸਵੰਤ ਸਿੰਘ ਜ਼ਫ਼ਰ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ, ਸ਼੍ਰੀਮਤੀ ਜਸਪ੍ਰੀਤ ਕੌਰ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਿਖੇ ਸੁਰਜੀਤ ਮੰਨਣਹਾਨੀ ਦਾ ਕਾਵਿ ਸੰਗ੍ਰਹਿ "ਸਿਰਨਾਵਾਂ" ਦਾ ਲੋਕ ਅਰਪਣ ਅਤੇ ਗੋਸ਼ਟੀ ਸਮਾਗਮ ਕਰਵਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ 'ਤੇ ਭਾਸ਼ਾ ਵਿਭਾਗ ਦੇ ਸ਼ਰੋਮਣੀ ਸਾਹਿਤਕਾਰ ਬਲਜਿੰਦਰ ਮਾਨ ਅਤੇ ਪ੍ਰਿੰਸੀਪਲ ਹਰਵਿੰਦਰ ਕੌਰ ਹੁਰਾਂ ਨੇ ਸ਼ਿਰਕਤ ਕੀਤੀ। ਡਾ. ਜਸਵੰਤ ਰਾਏ ਖੋਜ ਅਫ਼ਸਰ, ਹੁਸ਼ਿਆਰਪੁਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਸ਼ਬਦ ਆਖੇ। ਪੁਸਤਕ ਲੋਕ ਅਰਪਣ ਉਪਰੰਤ ਡਾ. ਰਾਏ ਨੇ ਪੁਸਤਕ 'ਤੇ ਚਰਚਾ ਸ਼ੁਰੂ ਕਰਦਿਆਂ ਕਿਹਾ ਕਿ ਸੁਰਜੀਤ ਮੰਨਣਹਾਨੀ ਮਿੰਨੀ ਕਹਾਣੀ ਦੇ ਖੇਤਰ ਤੋਂ ਕਵਿਤਾ ਵੱਲ ਪਰਤਿਆ ਹੈ। ਉਸ ਦੀਆਂ ਕਵਿਤਾਵਾਂ ਅਤੇ ਗੀਤਾਂ ਵਿਚ ਪੰਜਾਬੀ ਸੱਭਿਆਚਾਰ, ਸਮਾਜਿਕ ਸਰੋਕਾਰ, ਪਲੀਤ ਹੋ ਰਹੇ ਵਾਤਾਵਰਣ ਪ੍ਰਤੀ ਸੰਵੇਦਨਾ ਅਤੇ ਵਿਦੇਸ਼ ਗਏ ਪੰਜਾਬੀਆਂ ਦੇ ਭੂ-ਹੇਰਵੇ ਦੇ ਵਰਤਾਰੇ ਦੀ ਭਰਮਾਰ ਹੈ। ਪਿੰਡ ਦੀਆਂ ਯਾਦਾਂ, ਰੱਖੜੀ, ਦਾਜ ਪ੍ਰਥਾ, ਭੈਣ ਭਰਾ ਦਾ ਮੋਹ ਆਦਿ ਅਨੇਕਾਂ ਵਿਸ਼ਿਆਂ ਨਾਲ ਇਹ ਪੁਸਤਕ ਲਬਰੇਜ਼ ਹੈ। ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਸਿਰਨਾਵਾਂ ਪੁਸਤਕ ਬਾਰੇ ਗੱਲ ਕਰਦਿਆਂ ਕਿਹਾ ਕਿ ਸੁਰਜੀਤ ਮੰਨਣਹਾਨੀ ਦਿਨ ਰਾਤ ਸਾਹਿਤ ਦੇ ਅਧਿਐਨ ਅਤੇ ਸਿਰਜਣਾ ਵਿੱਚ ਜੁਟਿਆ ਹੋਇਆ ਹੈ। ਉਸ ਦੁਆਰਾ ਸਿਰਜੀ ਜਾ ਰਹੀ ਕਵਿਤਾ ਸਮੇਂ ਦੇ ਸਰੋਕਾਰਾਂ ਨੂੰ ਸੰਬੋਧਨ ਹੈ। ਉਸ ਦੀਆਂ ਕਵਿਤਾਵਾਂ ਵਿਚ ਸਿੱਖਿਆ, ਸਮਾਜ, ਧਰਮ, ਰਾਜਨੀਤੀ , ਆਰਥਿਕਤਾ ਅਤੇ ਪੀੜ੍ਹੀ-ਪਾੜੇ ਬਾਰੇ ਡੁੰਘੀਆਂ ਵਿਚਾਰਾਂ ਪੜ੍ਹਨ ਨੂੰ ਮਿਲਦੀਆਂ ਹਨ। ਸਮੇਂ ਦੀ ਨਬਜ਼ 'ਤੇ ਉਂਗਲ ਧਰ ਕੇ ਸਿਰਜੀਆਂ ਕਵਿਤਾਵਾਂ ਲਈ ਮੈਂ ਸੁਰਜੀਤ ਮੰਨਣਹਾਨੀ ਨੂੰ ਵਧਾਈ ਦਿੰਦਾ ਹਾਂ। ਬਾਅਦ ਵਿਚ ਕਵੀ ਮੰਨਣਹਾਨੀ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਵਿਚਾਰ ਪਾਠਕਾਂ ਨਾਲ ਸਾਂਝੇ ਕੀਤੇ। ਇਸ ਸਮੇਂ ਭਾਸ਼ਾ ਵਿਭਾਗ ਵੱਲੋਂ ਕਵੀ ਸੁਰਜੀਤ ਮੰਨਣਹਾਨੀ ਦਾ ਪੁਸਤਕਾਂ ਦੇ ਸੈੱਟ ਅਤੇ ਪ੍ਰਧਾਨਗੀ ਮੰਡਲ ਵਿਚ ਬੈਠੀਆਂ ਸ਼ਖ਼ਸੀਅਤਾਂ ਦਾ ਲੋਈਆਂ ਨਾਲ ਸਨਮਾਨ ਕੀਤਾ ਗਿਆ। ਧੰਨਵਾਦੀ ਸ਼ਬਦ ਪ੍ਰਿੰਸੀਪਲ ਹਰਵਿੰਦਰ ਕੌਰ ਨੇ ਆਖੇ। ਇਸ ਸਮੇਂ ਗੁਰਮੀਤ ਸਿੰਘ ਅਮਰੀਕਾ, ਸੁਸ਼ਮਾ ਕੁਮਾਰੀ, ਲਵਪ੍ਰੀਤ, ਲਾਲ ਸਿੰਘ, ਅਮੋਲਪ੍ਰੀਤ, ਨਿਰਮਲ ਸਿੰਘ, ਸਤਵਿੰਤ ਸਿੰਘ, ਕੁਲਵਿੰਦਰ ਕੌਰ, ਰਜਨੀ ਸ਼ਰਮਾ, ਅਮਰਜੀਤ ਯਾਦਵ, ਗੁਰਪ੍ਰੀਤ ਸਿੰਘ, ਤਿਲਕ ਰਾਜ, ਕੁਲਦੀਪ ਸਿੰਘ, ਉਪਿੰਦਰਜੀਤ ਕੌਰ, ਮੀਨਾਕਸ਼ੀ, ਰਜਵੀਰ ਕੌਰ, ਅੰਜਲੀ, ਮਨਦੀਪ ਕੌਰ ਅਤੇ ਪੁਸ਼ਪਾ ਰਾਣੀ ਹਾਜ਼ਰ ਸਨ।