ਹੁਸ਼ਿਆਰਪੁਰ ਦੇ ਸੱਤ ਵਿਧਾਨ ਸਭਾ ਹਲਕਿਆਂ ਵੱਲੋਂ ਆਪਣੇ-ਆਪਣੇ ਹਲਕਿਆਂ ਨਾਲ ਸਬੰਧਤ ਪ੍ਰਸਿੱਧ ਵਸਤਾਂ ਦੀ ਲਗਾਈ ਗਈ ਪ੍ਰਦਰਸ਼ਨੀ
(TTT)ਸਵੀਪ ਫੈਸ਼ਨ ਸ਼ੋਅ ਅਤੇ ਸੱਭਿਆਚਾਰਕ ਪ੍ਰੋਗਰਾਮ ਰਹੇ ਖਿੱਚ ਦਾ ਕੇਂਦਰ
ਹੁਸ਼ਿਆਰਪੁਰ, 20 ਮਈ :
ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਨਿਰਦੇਸ਼ਾਂ ’ਤੇ ਅੱਜ ਸਵਾਮੀ ਸਰਵਾਨੰਦ ਗਿਰੀ ਰਿਜਨਲ ਕੈਂਪਸ ਹੁਸ਼ਿਆਰਪੁਰ ਵਿਖੇ ਸਵੀਪ ਗਤੀਵਿਧੀਆਂ ਤਹਿਤ ਵੋਟਰਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪੱਧਰੀ ਮੈਗਾ ਵੋਟਰ ਮੇਲਾ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਖ਼ਰਚਾ ਅਬਜ਼ਰਵਰ ਪਵਨ ਕੁਮਾਰ ਖੇਤਾਨ ਸ਼ਾਮਿਲ ਹੋਏ। ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ, ਜ਼ਿਲ੍ਹਾ ਵਿਕਾਸ ਫੈਲੋ ਜ਼ੋਇਆ ਸਿਦਿੱਕੀ, ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਕਿਹਾ ਕਿ 1 ਜੂਨ ਨੂੰ ਵੋਟਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਆਸ ਹੈ ਕਿ ਜ਼ਿਲ੍ਹੇ ਵਿਚ 70 ਫੀਸਦੀ ਵੋਟਾਂ ਦੇ ਟੀਚੇ ਨੂੰ ਪਾਰ ਕਰਦੇ ਹੋਏ ਰਿਕਾਰਡ ਵੋਟਿੰਗ ਹੋਵੇਗੀ। ਉਨ੍ਹਾਂ ਕਿਹਾ ਕਿ ਸਵੀਪ ਗਤੀਵਿਧੀਆਂ ਦਾ ਉਦੇਸ਼ ਯੋਗ ਵੋਟਰਾਂ ਨੂੰ ਵੋਟਾਂ ਲਈ ਜਾਗਰੂਕ ਕਰਨਾ ਹੈ, ਜਿਸ ਨੂੰ ਲੈ ਕੇ ਜ਼ਿਲ੍ਹਾ ਸਵੀਪ ਟੀਮ ਬਹੁਤ ਹੀ ਮਿਹਨਤ ਨਾਲ ਕੰਮ ਕਰ ਰਹੀ ਹੈ।
ਰਾਹੁਲ ਚਾਬਾ ਨੇ ਸਾਰੇ ਯੋਗ ਵੋਟਰਾਂ ਨੂੰ 1 ਜੂਨ 2024 ਨੂੰ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਵੋਟ ਦੀ ਸਹੁੰ ਦਿਵਾਈ। ਉਨ੍ਹਾਂ ਕਿਹਾ ਕਿ ਵੋਟ ਹਰੇਕ ਵੋਟਰ ਦਾ ਮੌਲਿਕ ਅਧਿਕਾਰ ਹੈ ਅਤੇ ਸਾਰਿਆਂ ਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਹਰੇਕ ਬੂਥ ’ਤੇ ਟੈਂਟ, ਕੁਰਸੀਆਂ, ਪੱਖੇ, ਕੂਲਰ ਆਦਿ ਮੁਹੱਈਆ ਕਰਵਾਏ ਗਏ ਹਨ। ਇਸ ਤੋਂ ਇਲਾਵਾ ਦਿਵਿਆਂਗ ਅਤੇ 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਲਈ ਵੀ ਚੋਣ ਕਮਿਸ਼ਨ ਵੱਲੋਂ ਕਈ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਮੈਗਾ ਸਵੀਪ ਮੇਲੇ ਦੌਰਾਨ ਜ਼ਿਲ੍ਹਾ ਹੁਸ਼ਿਆਰਪੁਰ ਦੇ 7 ਵਿਧਾਨ ਸਭਾ ਹਲਕਿਆਂ ਵੱਲੋਂ ਆਪਣੇ-ਆਪਣੇ ਵਿਧਾਨ ਸਭਾ ਹਲਕਿਆਂ ਦੀਆਂ ਵਿਸ਼ੇਸ਼ਤਾਵਾਂ ਨੂੰ ਦਰਸਾਉਂਦੀਆਂ 7 ਪ੍ਰਦਰਸ਼ਨੀਆਂ ਲਗਾਈਆਂ ਗਈਆਂ ਅਤੇ ਇਕ ਮਹਿਲਾਵਾਂ ਲਈ ਵਿਸੇਸ਼ ਪਿੰਕ ਬੂਥ ਵੀ ਬਣਾਇਆ ਗਿਆ, ਜਿਸ ਦਾ ਪ੍ਰਬੰਧਨ ਵੀ ਮਹਿਲਾਵਾਂ ਦੁਆਰਾ ਕੀਤਾ ਗਿਆ। ਇਸ ਦੇ ਨਾਲ ਹੀ ਇਕ ਗ੍ਰੀਨ ਬੂਥ ਵੀ ਬਣਾਇਆ ਗਿਆ ਜੋ ਕਿ ਈਕੋ ਫਰੈਂਡਲੀ ਸੀ, ਇਸ ਬੂਥ ’ਤੇ ਸਾਰੇ ਕੁਦਰਤੀ ਉਤਪਾਦਾਂ ਦਾ ਉਪਯੋਗ ਕੀਤਾ ਗਿਆ ਅਤੇ ਇਸ ਬੂਥ ਰਾਹੀਂ ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਦਿੱਤਾ ਗਿਆ। ਪੰਜਾਬੀ ਵਿਰਸੇ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਸੱਭਿਆਚਾਰਕ ਵਸਤਾਂ ਨਾਲ ਸਜਿਆ ਪੰਡਾਲ ਪੁਰਾਣੇ ਪੰਜਾਬ ਦੀ ਯਾਦ ਤਾਜ਼ਾ ਕਰਵਾ ਰਿਹਾ ਸੀ। ਮੇਲੇ ਦੀ ਸ਼ੁਰੂਆਤ ਡਾ. ਵਿਵੇਕ ਮਹਾਜਨ ਨੇ ਸੰਗੀਤ ਨਾਲ ਕਰਦਿਆਂ ਸਮਾਂ ਬੰਨਿ੍ਹਆ। ਇਸ ਉਪਰੰਤ ਵੋਟ ਜਾਗਰੂਕਤਾ ਗੀਤ, ਸਵੀਪ ਬੋਲੀਆਂ ਵਾਲਾ ਗਿੱਧਾ, ਫੈਸ਼ਨ ਸ਼ੋਅ ਵੀ ਪੇਸ਼ ਕੀਤਾ ਗਿਆ। ਫੈਸ਼ਨ ਸ਼ੋਅ ਨਾਲ ਸਾਰੇ ਭਾਗੀਦਾਰ ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਆਉਣ ਵਾਲੇ ਵੋਟਰ ਸਨ। ਉਨ੍ਹਾਂ ਹਰੇਕ ਵਰਗ ਦੇ ਵੋਟਰਾਂ ਨੂੰ ਵੋਟ ਕਰਨ ਦੀ ਅਪੀਲ ਕੀਤੀ। ਇਸ ਮੌਕੇ ਅਧਿਆਪਕ ਅਮਨਦੀਪ ਸਿੰਘ ਨੇ ਵੋਟ ਜਾਗਰੂਕਤਾ ਸਬੰਧੀ ਆਪਣਾ ਲਿਖਿਆ ਗੀਤ ਗਾਇਆ। ਪ੍ਰੋਗਰਾਮ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਵੋਟ ਜਾਗਰੂਕਤਾ ਰੰਗੋਲੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਸਵਾਮੀ ਸਰਵਾਨੰਦ ਗਿਰੀ ਰਿਜਨਲ ਸੈਂਟਰ ਦੇ ਕੈਂਪਸ ਡਾਇਰੈਕਟਰ ਡਾ. ਹਰਮਿੰਦਰ ਸਿੰਘ ਬੈਂਸ, ਸਹਾਇਕ ਨੋਡਲ ਅਫ਼ਸਰ ਸਵੀਪ ਅੰਕੁਰ ਸ਼ਰਮਾ, ਜ਼ਿਲ੍ਹਾ ਇਲੈਕਟੋਰਲ ਲਿਟਰੇਸੀ ਨੋਡਲ ਅਫ਼ਸਰ ਸ਼ੈਲੇਂਦਰ ਠਾਕੁਰ, ਸਕੱਤਰ ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਮੰਗੇਸ਼ ਸੂਦ, ਰੁਜ਼ਗਾਰ ਵਿਭਾਗ ਤੋਂ ਅਦਿੱਤਿਆ ਰਾਣਾ ਤੋਂ ਇਲਾਵਾ ਸਾਰੇ ਹਲਕਿਆਂ ਦੇ ਸਵੀਪ ਨੋਡਲ ਅਫ਼ਸਰ ਅਤੇ ਸਹਾਇਕ ਸਵੀਪ ਨੋਡਲ ਅਫ਼ਸਰ ਵੀ ਮੌਜੂਦ ਸਨ।