ਜ਼ਿਲ੍ਹਾ ਪੱਧਰੀ ਖੇਡਾਂ ਦੇ ਚੌਥੇ ਦਿਨ ਦੀ ਸ਼ੁਰੂਆਤ ਗੱਤਕਾ ਖੇਡ ਨਾਲ ਹੋਈ
ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਕੱਤਰ ਨੇ ਸਟੇਡੀਅਮ ਦਾ ਕੀਤਾ ਨਿਰੀਖਣ
ਹੁਸ਼ਿਆਰਪੁਰ,19 ਸਤੰਬਰ:(TTT) ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2024’ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਚੌਥੇ ਦਿਨ ਦੀ ਸ਼ੁਰੂਆਤ ਅੱਜ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਗਤਕਾ ਖੇਡ ਨਾਲ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਭਾਗ ਲਿਆ, ਜਿਨ੍ਹਾਂ ਦੀ ਉਮਰ 14 ਸਾਲ ਤੋਂ 70 ਸਾਲ ਤੱਕ ਸੀ। ਇਹ ਖੇਡ ਮੁਕਾਬਲੇ 16 ਸਤੰਬਰ 2024 ਤੋਂ 22 ਸਤੰਬਰ 2024 ਤੱਕ ਵੱਖ-ਵੱਖ ਖੇਡ ਸਥਾਨਾਂ ‘ਤੇ ਕਰਵਾਏ ਜਾਣਗੇ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਗਤਕਾ ਖੇਡ ਦੇ ਅੱਜ ਅੰਡਰ-14 ਦੇ ਫਾਈਨਲ ਮੁਕਾਬਲਿਆਂ ਵਿੱਚ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਿੰਗਲ ਸੋਟੀ ਵਿਅਕਤੀਗਤ ਮੁਕਾਬਲੇ ਵਿੱਚ ਬਾਗਪੁਰ ਸਤੌਰ ਦੀ ਗਗਨਪ੍ਰੀਤ ਕੌਰ ਪਹਿਲੇ ਅਤੇ ਸ੍ਰੀ ਗੁਰੂ ਹਰੀ ਕ੍ਰਿਸ਼ਨ ਪਬਲਿਕ ਸਕੂਲ ਨੰਦਾਚੌਰ ਦੀ ਸਮਰੀਨ ਕੌਰ ਦੂਜੇ ਸਥਾਨ ’ਤੇ ਰਹੀ। ਫ੍ਰੀ ਸੋਟੀ ਵਿਅਕਤੀਗਤ ਮੁਕਾਬਲੇ ਵਿੱਚ ਸ੍ਰੀ ਗੁਰੂ ਹਰੀ ਕ੍ਰਿਸ਼ਨ ਪਬਲਿਕ ਸਕੂਲ ਪੰਡੋਰੀ ਖਜੂਰ ਦੀ ਮਨਮੀਤ ਕੌਰ ਪਹਿਲੇ ਅਤੇ ਸਰਕਾਰੀ ਹਾਈ ਸਕੂਲ ਤੇਲੀ ਚੱਕਾ ਦੀ ਵਿਦਿਆਰਥਣ ਦੂਜੇ ਸਥਾਨ ’ਤੇ ਰਹੀ। ਸਿੰਗਲ ਸੋਟੀ ਟੀਮ ਮੁਕਾਬਲੇ ਵਿੱਚ ਬਾਗਪੁਰ ਦੀ ਟੀਮ ਪਹਿਲੇ ਅਤੇ ਗਰਨਾ ਸਾਹਿਬ ਦੀ ਟੀਮ ਦੂਜੇ ਸਥਾਨ ’ਤੇ ਰਹੀ।
ਇਸੇ ਤਰ੍ਹਾਂ ਅੰਡਰ-17 ਗੱਤਕਾ ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ਸਿੰਗਲ ਸੋਟੀ ਵਿਅਕਤੀਗਤ ਵਿੱਚ ਗਰਨਾ ਸਾਹਿਬ ਦੀ ਏਕਮਪ੍ਰੀਤ ਕੌਰ ਨੇ ਪਹਿਲਾ ਅਤੇ ਬਾਬਾ ਫਤਹਿ ਸਿੰਘ ਜੀ ਅਖਾੜਾ ਦੀ ਅਮਨਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਗਤਕਾ ਖੇਡ ਦੇ ਬਾਕੀ ਮੁਕਾਬਲਿਆਂ ਦੇ ਫਾਈਨਲ ਮੈਚ ਆਉਣ ਵਾਲੇ ਦਿਨਾਂ ਵਿੱਚ ਕਰਵਾਏ ਜਾਣਗੇ।
ਇਸ ਮੌਕੇ ਸਕੱਤਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਸਰਬਜੀਤ ਸਿੰਘ ਅਤੇ ਸਹਾਇਕ ਡਾਇਰੈਕਟਰ ਖੇਡਾਂ ਪਰਮਿੰਦਰ ਸਿੰਘ ਨੇ ਹੁਸ਼ਿਆਰਪੁਰ ਵਿਖੇ ਚੱਲ ਰਹੀਆਂ ਖੇਡਾਂ ਦਾ ਨਿਰੀਖਣ ਕੀਤਾ।ਖੇਡ ਸਕੱਤਰ ਨੇ ਸਟੇਡੀਅਮ ਦਾ ਦੌਰਾ ਕੀਤਾ ਅਤੇ ਖਿਡਾਰੀਆਂ ਅਤੇ ਕੋਚਾਂ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਖੇਡਾਂ ਦੇ ਸਮਾਨ ਸਬੰਧੀ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਆਊਟਸੋਰਸ ਮੁਲਾਜ਼ਮਾਂ ਅਤੇ ਹੋਰ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਦਾ ਵੀ ਜਾਇਜ਼ਾ ਲਿਆ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ।