
ਹੁਸ਼ਿਆਰਪੁਰ, 21 ਫਰਵਰੀ: ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਵੱਲੋਂ ਪਿੰਡ ਮਹਿਲਾਂਵਾਲੀ ਵਿਖੇ ਗੁਲਾਬ ਸ਼ਰਬਤ ਅਤੇ
ਆਂਵਲਾ ਕੈਂਡੀ ਤਿਆਰ ਕਰਨ ਬਾਰੇ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।ਸਿਖਲਾਈ ਦੇ ਹਿੱਸੇ ਵਜੋਂ ਪਿੰਡ ਮਹਿਲਾਂਵਾਲੀ ਵਿਖੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਿਖਿਆਰਥੀ ਤੇ ਅਗਾਂਹਵਧੂ ਕਿਸਾਨ ਸੰਜੀਵ ਕੁਮਾਰ ਕਹੋਲ ਅਤੇ ਰੀਟਾ ਸ਼ਰਮਾ ਦੇ ਕਹੋਲ ਡੇਅਰੀ ਫਾਰਮ ਅਤੇ ਫਾਰਮ ਫਰੈਸ਼ ਫੂਡਜ਼ ਇਕਾਈ ਦਾ ਵਿਦਿਅਕ ਦੌਰਾ ਵੀ ਕਰਵਾਇਆ ਗਿਆ। ਸੰਜੀਵ ਕੁਮਾਰ ਕਹੋਲ, ਪਿਛਲੇ ਕਈ ਸਾਲਾਂ ਤੋਂ ਆਪਣੀ ਜ਼ਮੀਨ ‘ਤੇ ਖੇਤੀ ਕਰ ਰਹੇ ਹਨ। ਪ੍ਰਮੁੱਖ ਕਿੱਤੇ ਪਸ਼ੂ ਪਾਲਣ ਤੋਂ ਇਲਾਵਾ ਉਨ੍ਹਾਂ ਨੇ ਕੁਦਰਤੀ ਤਰੀਕਿਆਂ ਨਾਲ ਸਬਜ਼ੀਆਂ ਅਤੇ ਫਲ ਪੈਦਾ ਕਰਦੇ ਹੋਏ ਜੈਵਿਕ ਖੇਤੀ ਨੂੰ ਪੂਰੀ ਤਰ੍ਹਾਂ ਅਪਣਾਇਆ ਹੈ ਸਿਖਲਾਈ ਪ੍ਰੋਗਰਾਮ ਦੌਰਾਨ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਸੁਖਦੀਪ ਕੌਰ ਨੇ ਅਨਾਜ, ਫਲਾਂ ਤੇ ਸਬਜ਼ੀਆਂ ਤੋਂ ਤਿਆਰ ਕੀਤੇ ਜਾਂਦੇ ਪ੍ਰੋਸੈਸਡ ਉਤਪਾਦਾਂ ਦੀ ਸਾਂਭ- ਸੰਭਾਲ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਿਖਿਆਰਥੀਆਂ ਨੂੰ ਘਰੇਲੂ ਉਤਪਾਦਾਂ ਦੀ ਭੋਜਨ ਮਿਆਦ ਵਧਾਉਣ ਅਤੇ ਉਨ੍ਹਾਂ ਦੇ ਪੌਸ਼ਟਿਕ ਮੁੱਲ ਨੂੰ ਬਰਕਰਾਰ ਰੱਖਣ ਬਾਰੇ ਵੀ ਗਿਆਨ ਪ੍ਰਦਾਨ ਕੀਤਾ। ਰੀਟਾ ਸ਼ਰਮਾ ਵਲੋਂ ਗੁਲਾਬ ਸ਼ਰਬਤ ਅਤੇ ਆਂਵਲਾ ਕੈਂਡੀ ਤਿਆਰ ਕਰਨ ਦੀ ਵਿਧੀ ਬਾਰੇ ਦੱਸਿਆ ਗਿਆ।