ਖ਼ੂਨ ਦਾਨ ਕਰਕੇ ਕਿਸੇ ਦੀ ਜਿੰਦਗੀ ਬਚਾਉਣਾ ਮਾਨਵਤਾ ਪ੍ਰਤੀ ਸਰਵਉੱਚ ਧਰਮ ਹੈ: ਡਾ ਸਵਾਤੀ
ਹੁਸ਼ਿਆਰਪੁਰ 01 ਅਕਤੂਬਰ 2024 (TTT) ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਡਾ ਸਵਾਤੀ ਦੀ ਯੋਗ ਅਗਵਾਈ ਹੇਠ ਅੱਜ ਜ਼ਿਲਾ ਹਸਪਤਾਲ ਵਿਖੇ ਸਵੈ ਇੱਛਕ ਖੂਨ ਦਾਨ ਦਿਵਸ ਮਨਾਇਆ ਗਿਆ। ਇਸ ਮੌਕੇ ਬੱਲਡ ਟ੍ਰਾਂਸਫਿਊਜ਼ਨ ਅਫਸਰ ਡਾ.ਗੁਰਿਕਾ, ਲੈਬ ਟੈਕਨੀਸ਼ੀਅਨ ਹਰਜੀਤ ਸਿੰਘ, ਲੈਬ ਟੈਕਨੀਸ਼ੀਅਨ ਸੰਦੀਪ ਸਿੰਘ, ਸ਼੍ਰੀਮਤੀ ਹਰਜੀਤ ਦੇਵੀ, ਕਮਲਪ੍ਰੀਤ ਕੌਰ ਅਤੇ ਕਰਨ ਹਾਜ਼ਰ ਸਨ। ਅੱਜ ਖੂਨ ਦਾਨ ਕੈਂਪ ਵਿਚ ਖ਼ੂਨ ਦਾਨੀਆਂ ਵਲੋਂ ਦਾਨ ਕੀਤਾ 15 ਯੂਨਿਟ ਬਲੱਡ ਇਕੱਤਰ ਕੀਤਾ ਗਿਆ।
ਇਸ ਮੌਕੇ ਡਾ. ਸਵਾਤੀ ਨੇ ਨੇ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਵੈ-ਇੱਛਾ ਨਾਲ ਖੂਨਦਾਨ ਦਿਵਸ ਇਕ ਅਕਤੂਬਰ ਨੂੰ ਮਨਾਇਆ ਜਾਂਦਾ ਹੈ, ਜਿਸ ਦਾ ਮਕਸਦ ਖੂਨਦਾਨੀਆਂ ਨੂੰ ਸਵੈ-ਇੱਛਾ ਅਤੇ ਨਿਯਮਤ ਰੂਪ ਵਿੱਚ ਖੂਨਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ। ਉਨਾਂ ਖੂਨਦਾਨ ਕਰਨ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਖੂਨਦਾਨ ਮਹਾਂ ਦਾਨ ਹੈ। ਖੂਨ ਦੀ ਲੋੜ ਐਮਰਜੈਂਸੀ ਸਰਜਰੀਆਂ, ਖੂਨ ਦੀਆਂ ਬਿਮਾਰੀਆਂ ਜਿਵੇਂ ਕਿ ਥੈਲਾਸੀਮੀਆ, ਬਲੱਡ ਕੈਂਸਰ ਅਤੇ ਸੜਕੀ ਹਾਦਸਿਆਂ ਦੇ ਸ਼ਿਕਾਰ ਲੋਕਾਂ ਅਤੇ ਟ੍ਰਾਮਾ ਕੇਸਾਂ ਲਈ ਪੈਂਦੀ ਹੈ। ਉਨ੍ਹਾਂ ਕਿਹਾ ਕਿ ਸਮੇੰ ਤੇ ਖੂਨ ਦੀ ਉਪਲੱਭਦਤਾ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਕਿਸੇ ਦੀ ਜਿੰਦਗੀ ਬਚਾਉਣਾ ਮਨੁੱਖ ਦਾ ਮਾਨਵਤਾ ਪ੍ਰਤੀ ਸਰਵਉੱਚ ਧਰਮ ਹੈ। ਸੰਸਾਰ ਵਿਚ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਵੇਲੇ ਖੂਨ ਦੀ ਲੋੜ ਪੈ ਸਕਦੀ ਹੈ। ਖੂਨਦਾਨ ਆਪਣੇ ਆਪ ਵਿਚ ਇਕ ਵਿਲੱਖਣ ਦਾਨ ਹੋਣ ਕਰਕੇ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਹੈ। ਖੂਨ ਦੀ ਇੱਕ ਇੱਕ ਬੂੰਦ ਬਹੁਤ ਕੀਮਤੀ ਹੈ ਜੋ ਕਿਸੇ ਵੀ ਮਰਦੇ ਹੋਏ ਵਿਅਕਤੀ ਨੂੰ ਜੀਵਨਦਾਨ ਦੇ ਸਕਦੀ ਹੈ। ਉਨ੍ਹਾਂ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਖੂਨਦਾਨ ਕਰਨ ਨਾਲ ਸਿਰਫ ਇੱਕ ਹੀ ਮਰੀਜ਼ ਨੂੰ ਨਹੀਂ ਬਲਕਿ 3 ਮਰੀਜ਼ਾਂ ਨੂੰ ਫਾਇਦਾ ਮਿਲਦਾ ਹੈ ਕਿਉਂਕਿ ਖੂਨ ਦੇ ਚਾਰ ਕੰਪੋਨੈਂਟ ਪਲਾਜ਼ਮਾ, ਆਰ.ਬੀ.ਸੀ. ਪਲੈਟਲੇਟ ਦੇ ਤੌਰ ਤੇ ਅਤੇ ਹੀਮੋਫੀਲੀਆ ਦੇ ਮਰੀਜ਼ਾਂ ਵਿੱਚ ਕਲੋਟਿੰਗ ਫੈਕਟਰ ਵਾਸਤੇ ਕੰਮ ਆਉਂਦਾ ਹੈ। ਉਹਨਾਂ ਕਿਹਾ ਕਿ ਖੂਨਦਾਨ ਕਰਨ ਨਾਲ ਸ਼ਰੀਰ ਵਿਚ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ ਬਲਕਿ ਮਨ ਨੂੰ ਇੱਕ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਇਹ ਦਾਨ ਕਰਕੇ ਇੱਕ ਲੋੜਵੰਦ ਵਿਅਕਤੀ ਨੂੰ ਜੀਵਨ ਪ੍ਰਦਾਨ ਕੀਤਾ ਹੈ। ਕੋਈ ਵੀ ਇਨਸਾਨ 17 ਸਾਲ ਦੀ ਉਮਰ ਤੋ ਲੈਕੇ 66 ਸਾਲ ਦੀ ਉਮਰ ਤੱਕ ਖੂਨ ਦਾਨ ਕਰ ਸਕਦਾ ਹੈ। ਉਨਾਂ ਖ਼ੂਨ ਦਾਨ ਕਰਨ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਭੱਵਿਖ ਵਿੱਚ ਵੀ ਤੁਸੀਂ ਮੱਨੁਖਤਾ ਦੀ ਸੇਵਾ ਲਈ ਇਸੇ ਤਰ੍ਹਾਂ ਆਪਣਾ ਸਹਿਯੋਗ ਦਿੰਦੇ ਰਹੋਗੇ ਤਾਂ ਕਿ ਸਮੇਂ ਰਹਿੰਦਿਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ।