ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ’ਚ ਛੇਵੀਂ ਜਮਾਤ ਲਈ ਰਜਿਸਟ੍ਰੇਸ਼ਨ 16 ਸਤੰਬਰ ਤੱਕ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 2 ਅਗਸਤ :(TTT) ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਮੁਫ਼ਤ ਅਤੇ ਉੱਚ ਗੁਣਵੱਤਾ ਵਾਲੀ ਆਧੁਨਿਕ ਸਿੱਖਿਆ ਦੇਣ ਲਈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਫਲਾਹੀ ਵਿਚ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਸਹਿ ਸਿੱਖਿਆ ਵਾਲੇ ਰਿਹਾਇਸ਼ੀ ਪੀ.ਐਮ ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਵਿਚ ਵਿੱਦਿਅਕ ਸਾਲ 2025-26 ਦੀ ਛੇਵੀਂ ਜਮਾਤ ਲਈ ਆਨਲਾਈਨ ਰਜਿਸਟ੍ਰੇਸ਼ਨ 16 ਸਤੰਬਰ 2024 ਤੱਕ ਲਿੰਕ https://navodaya.gov.in/nvs/en/8ome1 ’ਤੇ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਚੋਣ ਪ੍ਰੀਖਿਆ 18 ਜਨਵਰੀ 2025 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੋਣ ਸੈਂਟਰਾਂ ਵਿਚ ਹੋਵੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪੱਕੇ ਵਸਨੀਕ ਹੋਣ, ਵਿਦਿਆਰਥੀ ਤੀਜੀ ਜਮਾਤ 2022-23, ਚੌਥੀ ਜਮਾਤ 2023-24 ਵਿਚ ਲਗਾਤਾਰ ਪੜ੍ਹਿਆ ਹੋਵੇ, ਵਿਦਿਅਕ ਸਾਲ 2024-25 ਵਿਚ ਪੰਜਵੀ ਜਮਾਤ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪੜ੍ਹਦਾ ਹੋਵੇ ਅਤੇ 31 ਜੁਲਾਈ 2024 ਤੋਂ ਪਹਿਲਾਂ ਪੰਜਵੀਂ ਜਮਾਤ ਵਿਚ ਦਾਖ਼ਲ ਹੋਇਆ ਹੋਵੇ। ਉਸਦਾ ਜਨਮ 1 ਮਈ 2013 ਤੋਂ 31 ਜੁਲਾਈ 2015 (ਦੋਹਾਂ ਤਾਰੀਕਾ ਸਮੇਤ) ਤੱਕ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਪੱਛੜੀ ਸ਼੍ਰੇਣੀ ਦੇ ਵਿਦਿਆਰਥੀਆਂ ਦੇ ਮਾਪੇ ਸੇਵਾ ਕੇਂਦਰਾਂ ਤੋਂ ਪਤਾ ਕਰ ਲੈਣ ਕਿ ਉਹ ਕੇਂਦਰੀ ਸੂਚੀ ਵਿਚ ਪੰਜਾਬ ਦੇ ਓ.ਬੀ.ਸੀ ਹਨ ਜਾਂ ਨਹੀਂ। ਜੇਕਰ ਨਹੀਂ ਆਉਂਦੇ ਤਾਂ ਉਹ ਜਨਰਲ ਵਰਗ ਵਿਚ ਰਜਿਸਟ੍ਰੇਸ਼ਨ ਕਰਵਾਉਣ। ਰਜਿਸਟ੍ਰੇਸ਼ਨ ਕਰਨ ਤੋਂ ਪਹਿਲਾਂ ਪ੍ਰੋਸਪੈਕਟਸ ਵਿਚ ਸਾਰੀਆਂ ਸ਼ਰਤਾਂ ਪੜ੍ਹ ਲਈਆਂ ਜਾਣ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਪੰਜਵੀਂ ਜਮਾਤ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ। ਜੇਕਰ ਕਿਸੇ ਨੂੰ ਰਜਿਸਟ੍ਰੇਸ਼ਨ ਵਿਚ ਕੋਈ ਸਮੱਸਿਆ ਆਵੇ ਤਾਂ ਜਵਾਹਰ ਨਵੋਦਿਆ ਵਿਦਿਆਲਿਆ ਦੇ ਫੋਨ ਨੰਬਰ 01882-289393 ’ਤੇ ਕੰਮਕਾਜ਼ ਵਾਲੇ ਦਿਨ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਵਿਦਿਆਲਿਆ ਦੇ ਹੈਲਪ ਸੈਂਟਰ ਵਿਚ 3 ਵਜੇ ਤੱਕ ਆਪ ਜਾ ਕੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਵਿਦਿਆਲਿਆ ਵਿਚ ਬੱਚਿਆਂ ਨੂੰ ਆਧੁਨਿਕ ਸਿੱਖਿਆ, ਖਾਣਾ, ਰਿਹਾਇਸ਼, ਕਾਪੀਆਂ-ਕਿਤਾਬਾਂ, ਖੇਡਾਂ, ਕੰਪਿਊਟਰ ਸਿੱਖਿਆ, ਵਰਦੀਆਂ, ਸਿਹਤ ਸੇਵਾਵਾਂ ਮੁਫ਼ਤ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਦੇ ਚਰਿੱਤਰ ਉਸਾਰੀ ਅਤੇ ਸਰਵਪੱਖੀ ਵਿਕਾਸ ’ਤੇ ਜ਼ੋਰ ਦਿੱਤਾ ਜਾਂਦਾ ਹੈ।