ਅੱਤ ਦੀ ਪੈ ਰਹੀ ਲੂ ਦਰਮਿਆਨ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਜਾਣੋ ਆਉਣ ਦਿਨਾਂ ਦਾ Weather Update
(TTT) ਜਲੰਧਰ – ਮਈ ਮਹੀਨੇ ’ਚ ਪੈ ਰਹੀ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ, ਕਿਉਂਕਿ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਭਵਿੱਖਬਾਣੀ ਅਨੁਸਾਰ ਆਉਣ ਵਾਲੇ ਕੁਝ ਦਿਨਾਂ ’ਚ ਗਰਮੀ ਦਾ ਕਹਿਰ ਹੋਰ ਵਧਣ ਵਾਲਾ ਹੈ। ਇਸ ਸਿਲਸਿਲੇ ’ਚ ਹੀਟ ਵੇਵ ਜ਼ੋਰਦਾਰ ਹੋਵੇਗੀ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਕਾਰਨ ਆਪਣੀ ਰੱਖਿਆ ਦੇ ਨਾਲ-ਨਾਲ ਬੱਚਿਆਂ ਤੇ ਬਜ਼ੁਰਗਾਂ ਦੀ ਵੀ ਸੁਰੱਖਿਆ ਕਰਨੀ ਚਾਹੀਦੀ ਹੈ। ਆਮ ਤੌਰ ’ਤੇ ਵੇਖਿਆ ਗਿਆ ਹੈ ਕਿ ਲੋਕ ਸਵੇਰੇ ਹੀ ਆਪਣਾ ਜ਼ਿਆਦਾਤਰ ਕੰਮ ਪੂਰਾ ਕਰ ਲੈਂਦੇ ਹਨ ਪਰ ਫਿਰ ਵੀ ਜਿਨ੍ਹਾਂ ਲੋਕਾਂ ਨੇ ਘਰੋਂ ਬਾਹਰ ਨਿਕਲਣਾ ਹੈ, ਉਹ ਦੁਪੱਟੇ ਜਾਂ ਰੁਮਾਲ ਆਦਿ ਨਾਲ ਢੱਕ ਕੇ ਪੂਰੀ ਸੁਰੱਖਿਆ ਨਾਲ ਘਰਾਂ ਤੋਂ ਬਾਹਰ ਨਿਕਲਣ। ਇਸ ਕਾਰਨ ਹੀਟ ਵੇਵ ਤੋਂ ਕਾਫ਼ੀ ਹੱਦ ਤੱਕ ਸੁਰੱਖਿਆ ਹੁੰਦੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸਿੱਧੀ ਧੁੱਪ ਦੇ ਸੰਪਰਕ ’ਚ ਆਉਣ ਨਾਲ ਚਮੜੀ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ।