ਪੰਜਾਬ ਸਰਕਾਰ ਵੱਲੋਂ ‘ਵਨ ਟਾਈਮ ਸੈਟਲਮੈਂਟ ਸਕੀਮ’ ਤਹਿਤ ਵਪਾਰੀਆਂ ਨੂੰ ਵੱਡੀ ਰਾਹਤ : ਡਾ. ਨਵਜੋਤ ਸ਼ਰਮਾ
ਹੁਸ਼ਿਆਰਪੁਰ, 7 ਫਰਵਰੀ (ਬਜਰੰਗੀ ਪਾਂਡੇ): ਸਹਾਇਕ ਕਮਿਸ਼ਨਰ ਰਾਜ ਕਰ ਡਾ. ਨਵਜੋਤ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਪਾਰੀਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ‘ਵਨ ਟਾਈਮ ਸੈਟਲਮੈਂਟ ਸਕੀਮ’ (ਓ.ਟੀ.ਐਸ) ਸ਼ੁਰੂ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਵਪਾਰੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ, ਜਿਨ੍ਹਾਂ ਦੀ ਅਸੈਸਮੈਂਟ ਮਿਤੀ 31.03.2023 ਤੱਕ ਨਿਰਧਾਰਿਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ 31 ਮਾਰਚ 2023 ਤੱਕ ਇਕ ਲੱਖ ਰੁਪਏ ਤੱਕ ਦੀ ਟੈਕਸ ਦੇਣਦਾਰੀ ਵਾਲੇ ਸਾਰੇ ਕਰਦਾਤਾ ਟੈਕਸ, ਵਿਆਜ਼ ਅਤੇ ਜ਼ੁਰਮਾਨੇ ਦੀ ਰਾਸ਼ੀ ’ਤੇ 100 ਫੀਸਦੀ ਛੋਟ ਦਾ ਲਾਭ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ 31 ਮਾਰਚ 2023 ਤੱਕ ਇਕ ਲੱਖ ਰੁਪਏ ਤੋਂ ਇਕ ਕਰੋੜ ਰੁਪਏ ਤੱਕ ਦੀ ਟੈਕਸ ਦੇਣਦਾਰੀ ਵਾਲੇ ਸਾਰੇ ਕਰਦਾਤਾ ਵਿਆਜ਼ ਅਤੇ ਜ਼ਰਮਾਨੇ ਦੀ ਰਾਸ਼ੀ ’ਤੇ 100 ਫੀਸਦੀ ਛੋਟ ਦੇ ਨਾਲ-ਨਾਲ ਟੈਕਸ ਦੀ ਰਾਸ਼ੀ ’ਤੇ 50 ਫੀਸਦੀ ਛੋਟ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਉਹੀ ਕਰਦਾਤਾ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਦਾ ਕਰ ਮੁਲਾਂਕਣ (ਅਸੈਸਮੈਂਟ) ਵਿਭਾਗ ਵੱਲੋਂ 31 ਮਾਰਚ, 2023 ਤੱਕ ਕਰ ਦਿੱਤਾ ਗਿਆ ਹੈ। ਇਹ ਸਕੀਮ ਮਿਤੀ 15 ਮਾਰਚ 2024 ਤੱਕ ਲਾਗੂ ਰਹੇਗੀ। ਉਨ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਮੂਹ ਕਰਦਾਤਾਵਾਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।