
ਸਥਾਨਕ ਸਰਕਾਰਾਂ ਮੰਤਰੀ ਨੇ ਕੰਢੀ ਹਲਕੇ ਦੇ ਪਿੰਡਾਂ ਦਾ ਦੌਰਾ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

(TTT) ਹੁਸ਼ਿਆਰਪੁਰ, 26 ਅਪ੍ਰੈਲ: ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਜਨਤਾ ਦੀਆਂ ਸਮੱਸਿਆਵਾਂ ਦੇ ਫੌਰੀ ਹੱਲ ਲਈ ਵਚਨਬੱਧ ਹੈ। ਇਸ ਦਿਸ਼ਾ ਵਿਚ ਠੋਸ ਕਦਮ ਉਠਾਉਂਦੇ ਹੋਏ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਹੁਸ਼ਿਆਰਪੁਰ ਦੇ ਸ਼ਾਮਚੁਰਾਸੀ ਵਿਧਾਨ ਸਭਾ ਹਲਕੇ ਦੇ ਕੰਢੀ ਏਰੀਏ ਦੇ ਪਿੰਡਾਂ ਟੱਪਾ, ਕੋਰਟ, ਬਹੇੜਾ, ਬਾੜੀ ਖੱਡ, ਕੂਕਾਨੇਟ ਅਤੇ ਦੇਹਰੀਆਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਫੌਰੀ ਹੱਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਡਾ. ਰਵਜੋਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ’ਤੇ ਨਿਪਟਾਰਾ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਜ਼ੋਰ ਦੇ ਕਿਹਾ ਕਿ ਪਿੰਡਾਂ ਦੇ ਵਿਕਾਸ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਸੜਕਾਂ, ਸਾਫ਼-ਸੁਥਰਾ ਪਾਣੀ, ਬਿਜਲੀ, ਸੀਵਰੇਜ਼ ਅਤੇ ਸਿਹਤ ਸੇਵਾਵਾਂ ਵਰਗੀਆਂ ਸੁਵਿਧਾਵਾਂ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹ ਪਿੰਡ ਟੱਪਾ ਵਿਚ ਪੰਚਾਇਤ ਪ੍ਰਤੀਨਿੱਧੀਆਂ ਨੇ ਕੈਬਨਿਟ ਮੰਤਰੀ ਅੱਗੇ ਪੰਚਾਇਤ ਘਰ ਦੀ ਚਾਰਦੀਵਾਰੀ, ਰਸੋਈ, ਪਖਾਨਾ, ਸ਼ਮਸ਼ਾਨਘਾਟ ਵਿਚ ਸ਼ੈਡ, ਪੀਣ ਵਾਲੇ ਪਾਣੀ ਅਤੇ ਬਿਜਲੀ ਵਰਗੇ ਮੁੱਦੇ ਰੱਖੇ। ਇਸ ’ਤੇ ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਨਵੇਂ ਬੋਰਵੈਲ ਲਈ ਫੰਡ ਜਾਰੀ ਕਰ ਦਿੱਤੇ ਗਏ ਹਨ ਅਤੇ ਬਿਜਲੀ ਦੀ ਮੁਸ਼ਕਲ ਹੱਲ ਕਰਨ ਲਈ ਜਨੌੜੀ ਤੋਂ ਕੰਢੀ ਏਰੀਏ ਦੇ ਪਿੰਡਾਂ ਤੱਕ ਵਿਸ਼ੇਸ਼ ਕੇਬਲ ਪਾਈ ਜਾਵੇਗੀ। ਨਾਲ ਹੀ ਕੰਢੀ ਹਲਕੇ ਦੀਆਂ ਸੜਕਾਂ ਦੇ ਨਿਰਮਾਣ ਕੰਮ ਵੀ ਜਲਦ ਸ਼ੁਰੂ ਹੋਣ ਦੀ ਜਾਣਕਾਰੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਪੰਚਾਇਤ ਘਰ ਸਬੰਧੀ ਸਮੱਸਿਆ ਦਾ ਜਲਦ ਹੱਲ ਕਰ ਦਿੱਤਾ ਜਾਵੇਗਾ।
ਉਨ੍ਹਾਂ ਇਸ ਦੌਰਾਨ ਕੂਕਾਨੇਟ ਤੋਂ ਹਿਮਾਚਲ ਹੱਦ ਤੱਕ ਬਣ ਰਹੀ ਸੜਕ ਨਿਰਮਾਣ ਦੇ ਕੰਮ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਸ ਨਾਲ ਸਥਾਨਕ ਲੋਕਾਂ ਨੂੰ ਬਿਹਤਰ ਆਵਾਜਾਈ ਦੀ ਸੁਵਿਧਾ ਮਿਲੇਗੀ। ਸਥਾਨਕ ਸਰਕਾਰਾਂ ਮੰਤਰੀ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਿਸ਼ਚਿਤ ਸਮੇਂ ਵਿਚ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੇਂਡੂ ਹਲਕਿਆਂ ਵਿਚ ਵਿਕਾਸ ਕੰਮਾਂ ਦੀ ਪ੍ਰਗਤੀ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇ ਅਤੇ ਜਨਤਾ ਦੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਇਸ ਦੌਰਾਨ ਪਿੰਡ ਵਾਸੀਆਂ ਨੇ ਸੜਕਾਂ ਦੀ ਮੁਰੰਮਤ, ਇੰਟਰਨੈਟ ਦੀ ਸਮੱਸਿਆ ਅਤੇ ਬਿਜਲੀ ਦੀ ਸਪਲਾਈ ਵਿਚ ਸੁਧਾਰ ਵਰਗੇ ਮੁੱਦੇ ਉਠਾਏ, ਜਿਸ ’ਤੇ ਮੰਤਰੀ ਨੇ ਤੁਰੰਤ ਕਾਰਵਾਈ ਦਾ ਵਿਸ਼ਵਾਸ ਦਿਵਾਇਆ।ਡਾ. ਰਵਜੋਤ ਸਿੰਘ ਨੇ ਸਪੱਸ਼ਟ ਕੀਤਾ ਕਿ ਜਨਤਾ ਦੀ ਸੇਵਾ ਹੀ ਸਰਕਾਰ ਦਾ ਮੁੱਖ ਉਦੇਸ਼ ਹੈ ਅਤੇ ਪਿੰਡਾਂ ਨੂੰ ਆਤਮਨਿਰਭਰ ਬਣਾਉਣ ਲਈ ਹਰ ਸੰਭਵ ਕਦਮ ਉਠਾਏ ਜਾਣਗੇ।
ਦੌਰੇ ਦੀ ਸ਼ੁਰੂਆਤ ਵਿਚ ਡਾ. ਰਵਜੋਤ ਸਿੰਘ ਨੇ ਹਾਲ ਹੀ ਵਿਚ ਪਹਿਲਗਾਮ ਵਿਚ ਹੋਈ ਅੱਤਵਾਦੀ ਘਟਨਾ ਵਿਚ ਸ਼ਹੀਦੇ ਹੋਏ ਸੈਲਾਨੀਆਂ ਦੀ ਆਤਮਿਕ ਸ਼ਾਂਤੀ ਲਈ ਦੋ ਮਿਨਟ ਦਾ ਮੌਨ ਰੱਖਿਆ ਅਤੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਟ ਕੀਤੀ।
ਇਸ ਮੌਕੇ ਪਿੰਡ ਟੱਪਾ ਦੀ ਸਰਪੰਚ ਨੀਲਮ ਕੁਮਾਰੀ, ਪੰਚ ਵਿਮਲਾ ਦੇਵੀ, ਕੰਚਨ, ਰਿਛਪਾਲ ਮਨਜੀਤ, ਸੁਰਜੀਤ, ਰਾਕੇਸ਼ ਸ਼ਰਮਾ, ਬਲਬੀਰ ਕੁਮਾਰ, ਅਸੋਕ ਕੁਮਾਰ, ਪਵਨ ਕੁਮਾਰ, ਸੁਨੀਲ, ਮੁਨੀਸ਼ ਠਾਕੁਰ, ਅਨੀਸ਼ ਕੁਮਾਰ, ਮੁਕੇਸ਼, ਢੋਲਬਾਹਾ ਦੇ ਸਰਪੰਚ ਸੰਦੀਪ, ਕਮਲਜੀਤ, ਸੁਖਦੇਵ ਸ਼ਾਸਤਰੀ, ਰਾਕੇਸ਼ ਸੋਨੂ, ਦਰਸ਼ਨ ਸਿੰਘ, ਆਸ਼ਾ ਦੇਵੀ, ਗੁਰਬਖਸ਼ ਸਿੰਘ, ਜੀਤ ਸਿੰਘ, ਪ੍ਰਵੀਨ ਕੁਮਾਰ, ਕ੍ਰਿਸ਼ਨ ਲਾਲ, ਕੂਕਾਨੇਟ ਦੀ ਸਰਪੰਚ ਨੀਲਮ ਕੁਮਾਰੀ, ਗੁਰਬਚਨ ਸਿੰਘ ਅਤੇ ਸ਼ਸ਼ੀ ਠਾਕੁਰ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।

