ਗਰਮੀ ਫਿਰ ਤੋਂ ਵਰ੍ਹਾਉਣ ਲੱਗੀ ਕਹਿਰ, ਇਸ ਤਾਰੀਖ਼ ਤੋਂ ਹੋਵੇਗੀ ਪ੍ਰੀ-ਮਾਨਸੂਨ ਦੀ ਸ਼ੁਰੂਆਤ, ਜਾਣੋ Weather Update
ਚੰਡੀਗੜ੍ਹ (TTT) – ਪਿਛਲੇ ਤਿੰਨ ਦਿਨਾਂ ਤੋਂ ਸ਼ਹਿਰ ’ਚ ਗਰਮੀ ਤੋਂ ਥੋੜ੍ਹੀ ਰਾਹਤ ਸੀ ਅਤੇ ਤਾਪਮਾਨ ਘੱਟ ਸੀ ਪਰ ਸ਼ਨੀਵਾਰ ਨੂੰ ਇਕ ਵਾਰ ਫਿਰ ਵੱਧ ਤੋਂ ਵੱਧ ਤਾਪਮਾਨ ’ਚ ਵਾਧਾ ਵੇਖਿਆ ਗਿਆ। ਦਿਨ ਦਾ ਪਾਰਾ 39.4 ਡਿਗਰੀ ਦਰਜ ਹੋਇਆ। ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਏ. ਕੇ. ਸਿੰਘ ਦਾ ਕਹਿਣਾ ਹੈ ਕਿ ਐਤਵਾਰ ਤੋਂ ਸ਼ਹਿਰ ਦਾ ਤਾਪਮਾਨ ਇਕ ਵਾਰ ਫਿਰ ਵਧਣ ਜਾ ਰਿਹਾ ਹੈ। ਤਾਪਮਾਨ ’ਚ 3 ਤੋਂ 4 ਡਿਗਰੀ ਦਾ ਵਾਧਾ ਹੋਵੇਗਾ। ਨਾਲ ਹੀ ਉਨ੍ਹਾਂ ਦੱਸਿਆ ਕਿ ਸੋਮਵਾਰ ਤੇ ਮੰਗਲਵਾਰ ਨੂੰ ਸ਼ਹਿਰ ਦੇ ਕੁਝ ਇਲਾਕਿਆਂ ’ਚ ਹੀਟ ਵੇਵ ਵੀ ਚੱਲ ਸਕਦੀ ਹੈ। ਮਾਨਸੂਨ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਜਲਦ ਹੀ ਸ਼ਹਿਰ ਨੂੰ ਰਾਹਤ ਮਿਲਣ ਵਾਲੀ ਹੈ। ਮਾਨਸੂਨ ਗਤੀ ਨਾਲ ਅੱਗੇ ਵਧ ਰਿਹਾ ਹੈ, ਜੋ ਬਿਹਾਰ ਤੋਂ ਅੱਗੇ ਪਹੁੰਚ ਗਿਆ ਹੈ। 26 ਜੂਨ ਤੋਂ ਸ਼ਹਿਰ ’ਚ ਪ੍ਰੀ-ਮਾਨਸੂਨ ਦੇ ਸ਼ੁਰੂ ਹੋਣ ਦੀ ਸੰਭਾਵਨਾ ਬਣ ਗਈ ਹੈ। ਆਮ ਤੌਰ ’ਤੇ ਸ਼ਹਿਰ ’ਚ ਮਾਨਸੂਨ ਆਉਣ ਦੀ ਸਹੀ ਤਾਰੀਖ਼ 27 ਜੂਨ ਹੈ ਪਰ ਅੱਗੇ-ਪਿੱਛੇ ਹੋ ਜਾਂਦੀ ਹੈ। ਹਾਲੇ ਤੱਕ ਜੋ ਵੇਖਿਆ ਗਿਆ ਹੈ, ਉਸ ਮੁਤਾਬਕ ਬੁੱਧਵਾਰ ਤੋਂ ਮੌਸਮ ’ਚ ਬਦਲਾਅ ਵੇਖਣ ਨੂੰ ਮਿਲੇਗਾ।