ਗਰਮੀ ਵਧਣ ਨਾਲ ਡੇਂਗੂ ਤੇ ਚਿਕਨਗੁਨੀਆਂ ਦੇ ਪਾਜ਼ੇਟਿਵ ਕੇਸ ਆਏ ਸਾਹਮਣੇ, ਸਿਹਤ ਵਿਭਾਗ ਵਲੋਂ ਸਖ਼ਤ ਹਦਾਇਤਾਂ ਜਾਰੀ
(TTT)ਅੰਮ੍ਰਿਤਸ -ਗਰਮੀ ਕਾਰਨ ਤਾਪਮਾਨ ਵਿਚ ਵਾਧਾ ਹੁੰਦਿਆਂ ਹੀ ਡੇਂਗੂ ਅਤੇ ਚਿਕਨਗੁਨੀਆਂ ਦੀ ਬੀਮਾਰੀ ਅੰਮ੍ਰਿਤਸਰੀਆਂ ਨੂੰ ਆਪਣੇ ਲਪੇਟ ਵਿਚ ਲੈਣ ਲੱਗ ਪਈ ਹੈ। ਸਿਹਤ ਵਿਭਾਗ ਵੱਲੋਂ ਬੀਮਾਰੀ ਦੀ ਸ਼ੁਰੂਆਤ ਦੌਰਾਨ ਜ਼ਿਲ੍ਹੇ ਵਿਚ ਚਿਕਨਗੁਨੀਆਂ ਦੇ 3 ਅਤੇ ਡੇਂਗੂ ਦੇ 2 ਪਾਜ਼ੇਟਿਵ ਮਾਮਲੇ ਰਿਪੋਰਟ ਕੀਤੇ ਹਨ, ਜਦਕਿ ਪਿਛਲੇ ਸਾਲ ਚਿਕਨਗੁਨੀਆਂ ਦੇ 531 ਅਤੇ ਡੇਂਗੂ ਦੇ 651 ਮਾਮਲੇ ਰਿਪੋਰਟ ਕੀਤੇ ਗਏ ਸਨ। ਵਿਭਾਗ ਵੱਲੋਂ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ’ਤੇ ਡੇਂਗੂ ਅਤੇ ਚਿਕਨਗੁਨੀਆਂ ਦੇ 20 ਹਾਟ ਸਪਾਟ ਕੇਂਦਰ ਬਣਾ ਦਿੱਤੇ ਹਨ।
ਵਿਭਾਗ ਵੱਲੋਂ ਉਕਤ ਬੀਮਾਰੀਆਂ ਨੂੰ ਲੈ ਕੇ ਜਿੱਥੇ ਸਰਕਾਰੀ ਹਸਪਤਾਲਾਂ ਵਿਚ ਮੁਕੰਮਲ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਗਿਆ ਹੈ, ਉਥੇ ਹੀ ਗਠਿਤ ਵੱਖ-ਵੱਖ ਟੀਮਾਂ ਨੂੰ ਹਦਾਇਤ ਕੀਤੀ ਹੈ ਕਿ ਜਿਸ ਵਿਅਕਤੀ ਦੇ ਘਰ ਵਿੱਚੋਂ ਡੇਂਗੂ ਦਾ ਲਾਰਵਾ ਮਿਲਦਾ ਹੈ, ਉਸ ਦਾ ਤੁਰੰਤ ਜੁਰਮਾਨੇ ਵਜੋਂ ਚਲਾਨ ਕੱਟਿਆ ਜਾਵੇ। ਇਹ ਬੀਮਾਰੀਆਂ ਅਜਿਹੀਆਂ ਹਨ, ਜਿਨ੍ਹਾਂ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਜਾਨਲੇਵਾ ਸਾਬਤ ਹੋ ਸਕਦੀਆਂ ਹਨ।