ਡੇੰਗੂ ਕੰਟਰੋਲ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਜ਼ਰੂਰਤ: ਡਾ ਜਗਦੀਪ ਸਿੰਘ
ਡੇਂਗੂ ਪ੍ਰਤੀ ਹਰ ਇਕ ਨਾਗਰਿਕ ਦਾ ਜਾਗਰੂਕ ਹੋਣਾ ਬਹੁਤ ਜਰੂਰੀ ਹੈ
ਹੁਸ਼ਿਆਰਪੁਰ 20 ਸਤੰਬਰ 2024 (TTT) ਅੱਜ ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਦੇ ਨਿਰਦੇਸ਼ਾਂ ਅਨੁਸਾਰ ਜ਼ਿਲਾ ਐਪੀਡੀਮੋਲੋਜਿਸਟ ਡਾ.ਜਗਦੀਪ ਸਿੰਘ ਦੀ ਯੋਗ ਅਗਵਾਈ ਵਿੱਚ ਐੰਟੀ ਲਾਰਵਾ ਟੀਮ ਵੱਲੋਂ “ਹਰ ਸ਼ੁੱਕਰਵਾਰ ਡੇਂਗੂ ਤੇ ਵਾਰ” ਮੁਹਿੰਮ ਤਹਿਤ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ ਜਿਸ ਵਿੱਚ ਸ਼ਹਿਰ ਦੇ ਵੱਖ ਵੱਖ ਖੇਤਰਾਂ ਦੇ ਘਰਾਂ ਵਿੱਚ ਵਿਜਿਟ ਕੀਤਾ ਗਿਆ। ਡਾ ਜਗਦੀਪ ਸਿੰਘ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰੀ ਖੇਤਰ ਵਿੱਚ ਹੁਣ ਤੱਕ 100545 ਘਰਾਂ ਨੂੰ ਕਵਰ ਕੀਤਾ ਜਾ ਚੁੱਕਾ ਹੈ ਅਤੇ ਇਨ੍ਹਾਂ ਵਿੱਚੋਂ 3527 ਘਰਾਂ ਵਿੱਚ ਮੱਛਰ ਦਾ ਲਾਰਵਾ ਪਾਇਆ ਗਿਆ ਹੈ ਅਤੇ ਸਿਹਤ ਵਿਭਾਗ ਦੀਆਂ ਐਂਟੀ ਲਾਰਵਾ ਟੀਮਾਂ ਵੱਲੋਂ ਪਾਣੀ ਵਾਲੇ ਕੰਟੇਨਰਾਂ ਜਿਨਾਂ ਵਿੱਚ ਮੱਛਰਾਂ ਦਾ ਲਾਰਵਾ ਪਾਇਆ ਜਾ ਰਿਹਾ ਹੈ ਪਾਣੀ ਕੱਢ ਕੇ ਨਸ਼ਟ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਲਾਰਵੀਸਾਈਡ ਸਪਰੇਅ ਵੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸ਼ਹਿਰੀ ਖੇਤਰ ਵਿੱਚੋਂ 25 ਡੇਂਗੂ ਦੇ ਕੇਸ ਜਦੋਂਕਿ ਪੂਰੇ ਜ਼ਿਲ੍ਹੇ ਵਿੱਚ 89 ਕੇਸ ਸਾਹਮਣੇ ਆਏ ਹਨ। ਇਨਾਂ ਕੇਸਾਂ ਦੇ ਸਾਹਮਣੇ ਆਉਣ ਦਾ ਮੁੱਖ ਕਾਰਨ ਹੈ ਘਰਾਂ ਵਿੱਚ ਮੱਛਰਾਂ ਦੀ ਪੈਦਾਵਾਰ। ਜ਼ਿਕਰਯੋਗ ਹੈ ਕਿ ਸਿਹਤ ਟੀਮਾਂ ਵਲੋਂ ਬਾਰ ਬਾਰ ਹਦਾਇਤਾਂ ਕੀਤੀਆਂ ਜਾਣ ਦੇ ਬਾਵਜੂਦ ਅਣਦੇਖੀ ਕਾਰਨ ਘਰਾਂ ਵਿੱਚ ਮੱਛਰਾਂ ਦਾ ਲਾਰਵਾ ਵਾਰ-ਵਾਰ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਡੇਂਗੂ ਤੇ ਕੰਟਰੋਲ ਸੰਭਵ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਬਾਲਗ ਮੱਛਰ ਲਈ ਡੇਂਗੂ ਦੇ ਕੇਸਾਂ ਦੀ ਕਲੱਸਟਰ ਵਿਚ ਫੌਗਿੰਗ ਕੀਤੀ ਜਾ ਰਹੀ ਹੈ ਪਰ ਜੇਕਰ ਲਾਰਵਾ ਦੇ ਸਰੋਤਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਡੇਂਗੂ ਤੇ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੈ। ਡੇਂਗੂ ਪ੍ਰਤੀ ਹਰ ਇਕ ਨਾਗਰਿਕ ਦਾ ਜਾਗਰੂਕ ਹੋਣਾ ਬਹੁਤ ਜਰੂਰੀ ਹੈ। ਡੇਂਗੂ ਨੂੰ ਕਾਫ਼ੀ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ ਜੇਕਰ ਪਰਿਵਾਰ ਆਪਣੇ ਆਪ ਆਪਣੇ ਕੂਲਰਾਂ ਅਤੇ ਹੋਰ ਭਰੇ ਹੋਏ ਡੱਬੇ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਖਾਲੀ ਕਰਨ। ਆਪਣੇ ਘਰ ਵਿੱਚ ਪਾਣੀ ਦੇ ਹਰ ਛੋਟੇ ਤੋਂ ਛੋਟੇ ਅਤੇ ਵੱਡੇ ਸਰੋਤ ਨੂੰ ਹਫ਼ਤੇ ਵਿੱਚ ਇੱਕ ਵਾਰ ਜਰੂਰ ਖਾਲੀ ਕਰਕੇ ਸੁਖਾ ਕੇ ਫੇਰ ਭਰਿਆ ਜਾਵੇ। ਬੁਖਾਰ ਹੋਣ ਦੀ ਸੂਰਤ ਵਿਚ ਜਲਦ ਤੋਂ ਜਲਦ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰੋ। ਜਿਕਰਯੋਗ ਹੈ ਕਿ ਬਹੁਤ ਸਾਰੇ ਮਰੀਜ਼ ਸਹੀ ਇਲਾਜ ਲੈ ਕੇ ਘਰ ਵਿੱਚ ਰਹਿ ਕੇ ਹੀ ਠੀਕ ਹੋ ਜਾਂਦੇ ਹਨ। ਡੇਂਗੂ ਹੋਣ ਤੇ ਤੇਜ਼ ਬੁਖਾਰ ਮਾਸਪੇਸ਼ੀਆਂ ਅਤੇ ਜੋੜਾਂ ਅਤੇ ਹੱਡੀਆਂ ਵਿਚ ਦਰਦ ਅੱਖਾਂ ਦੇ ਪਿੱਛੇ ਖਿੱਚ ਅਤੇ ਦਰਦ ਅਤੇ ਉਲਟੀਆਂ ਵਰਗੇ ਲੱਛਣ ਸਾਹਮਣੇ ਆਉਂਦੇ ਹਨ। ਪਰ ਜੇਕਰ ਕਿਸੇ ਵੀ ਮਰੀਜ ਨੂੰ ਇਸ ਤਰ੍ਹਾਂ ਦੇ ਲੱਛਣ ਹਨ ਤੇ ਤੁਰੰਤ ਹਸਪਤਾਲ ਵਿੱਚ ਦਿਖਾ ਕੇ ਇਲਾਜ ਕਰਨ ਦੀ ਤੁਰੰਤ ਲੋੜ ਹੈ ਕਿਉੰਕਿ ਇਲਾਜ ਸਮੇਂ ਖਾਸ ਕਰ ਬਜ਼ੁਰਗ, ਬੱਚੇ, ਗਰਭਵਤੀ ਔਰਤਾਂ, ਮੋਟੇ ਲੋਕਾਂ, ਡਾਇਬਟੀਜ਼, ਦਿਲ ਦੇ ਰੋਗ, ਹਾਈ ਬੀਪੀ ਆਦਿ ਵਰਗੀਆਂ ਪੁਰਾਣੀਆਂ ਬਿਮਾਰੀਆਂ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ।