ਚੱਬੇਵਾਲ ਵਿਧਾਨ ਸਭਾ ਹਲਕੇ ਵਿੱਚ ਸਾਫ਼ ਅਤੇ ਸਹੀ ਵੋਟਰ ਸੂਚੀ ਤਿਆਰ ਕਰਨ ਲਈ ਲੋਕ ਦੇਣ ਸਹਿਯੋਗ: ਰਾਹੁਲ ਚਾਬਾ
ਏ.ਡੀ.ਸੀ. ਨੇ ਚੱਬੇਵਾਲ ਵਿਧਾਨ ਸਭਾ ਹਲਕੇ ਵਿੱਚ ਵੋਟਰ ਵੈਰੀਫਿਕੇਸ਼ਨ ਅਤੇ ਰੈਸ਼ਨਲਾਈਜੇਸ਼ਨ ਸਬੰਧੀ ਕੀਤੀ ਬੈਠਕ
ਹੁਸ਼ਿਆਰਪੁਰ, 10 ਸਤੰਬਰ:(TTT) ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ- ਚੋਣ ਰਜਿਸਟ੍ਰੇਸ਼ਨ ਅਫ਼ਸਰ 044-ਚੱਬੇਵਾਲ ਵਿਧਾਨ ਸਭਾ ਹਲਕਾ ਰਾਹੁਲ ਚਾਬਾ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਬੈਠਕ ਵਿੱਚ ਚੋਣ ਕਮਿਸ਼ਨ ਦੇ ਹੁਕਮਾਂ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਹੁਸ਼ਿਆਰਪੁਰ ਦੇ ਨਿਰਦੇਸ਼ਾਂ ਦੇ ਅਨੁਸਾਰ, 044-ਚੱਬੇਵਾਲ ਵਿਧਾਨ ਸਭਾ ਹਲਕਾ ਵਿੱਚ 20 ਅਗਸਤ 2024 ਤੋਂ 20 ਸਤੰਬਰ 2024 ਤੱਕ ਬੀ.ਐੱਲ.ਓਜ਼. ਵੱਲੋਂ ਘਰ-ਘਰ ਜਾ ਕੇ ਕੀਤੇ ਜਾ ਰਹੇ ਵੋਟਰ ਵੈਰੀਫਿਕੇਸ਼ਨ ਅਤੇ ਨਵੇਂ ਵੋਟਰਾਂ ਦੀ ਪਛਾਣ ਦੇ ਮਸਲਿਆਂ ‘ਤੇ ਚਰਚਾ ਕੀਤੀ ਗਈ।ਇਸ ਦੇ ਨਾਲ, ਬੂਥਾਂ ਦੀ ਰੈਸ਼ਨਲਾਈਜੇਸ਼ਨ ਭਾਵ ਮੌਜੂਦਾ ਬੂਥਾਂ ਵਿੱਚ ਤਬਦੀਲੀ, ਬੂਥ ਦਾ ਸਥਾਨ ਬਦਲਣਾ ਜਾਂ ਬੂਥ ਦੇ ਨਾਮ ਅਤੇ ਪਤੇ ਵਿੱਚ ਸੋਧ ਕਰਨ ਦੇ ਮਾਮਲੇ ‘ਤੇ ਵੀ ਵਿਚਾਰ ਕੀਤਾ ਗਿਆ। ਹਾਲਾਂਕਿ, ਇਸ ਮਾਮਲੇ ਵਿੱਚ ਕੋਈ ਵੀ ਤਬਦੀਲੀ ਲਈ ਪ੍ਰਸਤਾਵ ਨਹੀਂ ਮਿਲਿਆ।ਏ.ਡੀ.ਸੀ. ਨੇ ਇਸ ਮੌਕੇ ‘ਤੇ ਸਾਫ਼ ਅਤੇ ਸਹੀ ਵੋਟਰ ਸੂਚੀ ਤਿਆਰ ਕਰਨ ਲਈ ਲੋਕਾਂ ਨੂੰ ਵੋਟ ਬਣਾਉਣ ਲਈ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਸਰਸਰੀ ਸੁਧਾਈ 2025 ਯੋਗਤਾ ਮਿਤੀ 01 ਜਨਵਰੀ 2025 ਦੇ ਅਧਾਰ ‘ਤੇ ਵੋਟਰ ਸੂਚੀ ਦਾ ਪ੍ਰਕਾਸ਼ਨ 29 ਅਕਤੂਬਰ 2024 ਨੂੰ ਕੀਤਾ ਜਾਵੇਗਾ। ਇਸ ਤੋਂ ਬਾਅਦ, ਦਾਅਵੇ ਅਤੇ ਇਤਰਾਜ਼ 29 ਅਕਤੂਬਰ 2024 ਤੋਂ 28 ਨਵੰਬਰ 2024 ਤੱਕ ਸਵੀਕਾਰ ਕੀਤੇ ਜਾਣਗੇ। ਸਾਰੇ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ 26 ਦਸੰਬਰ 2024 ਤੱਕ ਪੂਰਾ ਕੀਤਾ ਜਾਵੇਗਾ ਅਤੇ ਅੰਤਿਮ ਵੋਟਰ ਸੂਚੀ ਦਾ ਪ੍ਰਕਾਸ਼ਨ 06 ਜਨਵਰੀ 2025 ਨੂੰ ਕੀਤਾ ਜਾਵੇਗਾ।ਰਾਹੁਲ ਚਾਬਾ ਨੇ ਦੱਸਿਆ ਕਿ ਹਲਕੇ ਦੇ ਹਰ ਬੂਥ ‘ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ ਜੋ ਕਿ 09, 10, 23, ਅਤੇ 24 ਨਵੰਬਰ 2024 ਨੂੰ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਹੋਣਗੇ। ਉਨ੍ਹਾਂ ਨੇ ਦਿਵਿਆਂਗ, ਬਜ਼ੁਰਗ, ਤੀਜੇ ਲਿੰਗ ਅਤੇ ਐਨ.ਆਰ.ਆਈ ਵਿਅਕਤੀਆਂ ਨੂੰ ਵੋਟ ਬਣਾਉਣ ਲਈ ਪਹਿਲ ਦੇ ਅਧਾਰ ‘ਤੇ ਅਪੀਲ ਕੀਤੀ। ਇਸ ਬੈਠਕ ਵਿੱਚ ਭਾਜਪਾ ਤੋਂ ਭੂਸ਼ਣ ਕੁਮਾਰ ਸ਼ਰਮਾ, ਕਾਂਗਰਸ ਤੋਂ ਰਜਨੀਸ਼ ਟੰਡਨ, ਬਹੁਜਨ ਸਮਾਜ ਪਾਰਟੀ ਤੋਂ ਮਦਨ ਸਿੰਘ ਬੈਂਸ ਅਤੇ ਆਮ ਆਦਮੀ ਪਾਰਟੀ ਤੋਂ ਕੁਲਵਿੰਦਰ ਸਿੰਘ ਮੌਜੂਦ ਸਨ। ਇਸ ਤੋਂ ਇਲਾਵਾ ਬੀ.ਡੀ.ਪੀ.ਓ. ਮਾਹਿਲਪੁਰ-ਕਮ-ਸਹਾਇਕ ਚੋਣ ਰਜਿਸਟ੍ਰੇਸ਼ਨ ਅਫ਼ਸਰ 044-ਚੱਬੇਵਾਲ ਬਲਵਿੰਦਰ ਪਾਲ, ਚੋਣ ਕਾਨੂੰਗੋ ਦੀਪਕ ਕੁਮਾਰ, ਲਖਬੀਰ ਸਿੰਘ ਤੋਂ ਅਲਾਵਾ ਹਨੀ ਰਾਜਾ, ਬਲਵਿੰਦਰ ਸਿੰਘ ਅਤੇ ਹੋਰ ਚੋਣ ਸਟਾਫ ਵੀ ਮੌਜੂਦ ਸਨ।