ਸੜਕ ਸੁਰੱਖਿਆ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

Date:

ਸੜਕ ਸੁਰੱਖਿਆ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਹੁਸ਼ਿਆਰਪੁਰ, 28 ਨਵੰਬਰ: ਜ਼ਿਲ੍ਹਾ ਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਿਲਬਾਗ ਸਿੰਘ ਜੌਹਲ ਦੇ ਨਿਰਦੇਸ਼ਾਂ ’ਤੇ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਜ ਪਾਲ ਰਾਵਲ ਵੱਲੋਂ ਜ਼ੇਮਸ ਕੈਂਬਰਿਜ ਇੰਟਰਨੈਸ਼ਨ ਸਕੂਲ ਵਿਖੇ ‘ਤੁਹਾਡੀ ਯਾਤਰਾ, ਤੁਹਾਡੀ ਜ਼ਿੰਦਗੀ, ਤੁਹਾਡੀ ਜ਼ਿੰਮੇਵਾਰੀ: ਸੁਰੱਖਿਅਤ ਗੱਡੀ ਚਲਾਓ ਅਤੇ ਸੁਰੱਖਿਅਤ ਰਹੋ’ ਮੁਹਿੰਮ ਦੇ ਸਬੰਧ ਵਿੱਚ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ 170 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਜ ਪਾਲ ਰਾਵਲ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸਾਨੂੰ ਸੜਕ ਸੁਰੱਖਿਆ ਸਾਵਧਾਨੀਆਂ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜ਼ੋ ਕੋਈ ਵੀ ਵਹੀਕਲ ਚਲਾਉਣ ਸਮੇਂ ਕਿਸੇ ਵੀ ਤਰ੍ਹਾ ਦੀ ਦੁਰਘਟਨਾ ਨਾ ਵਾਪਰੇ। ਇਸ ਲਈ ਵਿਦਿਆਰਥੀਆਂ ਵਿੱਚ ਜਾਗਰੂਕਤਾ ਫੈਲਾਉਣ ਲਈ ਟ੍ਰੈਫਿਕ ਪੁਲਿਸ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਦੇ ਨਾਲ ਤਾਲਮੇਲ ਕਰਕੇ ਇਸ ਮੁੰਹਿਮ ਨੂੰ ਨੇਪਰੇ ਚੜਾਇਆ ਜਾ ਰਿਹਾ ਹੈ ।ਇਸ ਦੌਰਾਨ ਵਿਦਿਆਰਥੀਆਂ ਨੂੰ ਨਾਲਸਾ ਦੀਆ ਵੱਖ-ਵੱਖ ਸਕੀਮਾਂ ਦੇ ਨਾਲ-ਨਾਲ ਪੰਜਾਬ ਵਿਕਟਿਮ ਕੰਪਨਸੇਸ਼ਨ ਸਕੀਮ 2017 ਅਤੇ ਜੁਵੇਨਾਈਲ ਜਸਟਿਸ ਐਕਟ ਬਾਰੇ ਵੀ ਜਾਣੂ ਕਰਵਾਇਆ ਗਿਆ । ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਇਸ ਸਾਲ ਦੀ ਚੌਥੀ ਅਤੇ ਆਖਰੀ ਲਗਾਈ ਜਾਣ ਵਾਲੀ ਕੌਮੀ ਲੋਕ ਅਦਾਲਤ 14 ਦਸੰਬਰ 2024 ਨੂੰ ਲਗਾਈ ਜਾਣੀ ਹੈ। ਇਸ ਲੋਕ ਅਦਾਲਤ ਵਿੱਚ ਲੋਕ ਵੱਧ ਤੋਂ ਵੱਧ ਕੇਸ ਲਗਾ ਕੇ ਕੌਮੀ ਲੋਕ ਅਦਾਲਤ ਦਾ ਲਾਭ ਪ੍ਰਾਪਤ ਕਰ ਸਕਦੇ ਹਨ।ਉਨ੍ਹਾਂ ਦੱਸਿਆ ਕਿ ਕੌਮੀ ਲੋਕ ਅਦਾਲਤਾਂ ਵਿੱਚ ਪੈਡਿੰਗ ਅਤੇ ਪ੍ਰੀ-ਲਿਟਿਗੇਟਿਵ ਕੇਸ ਸੁਣੇ ਜਾਂਦੇ ਹਨ। ਪੈਡਿੰਗ ਕੇਸ ਉਹ ਹਨ ਜ਼ੋ ਅਦਾਲਤਾਂ ਵਿੱਚ ਲੰਬਿਤ ਹਨ ਇਨ੍ਹਾਂ ਕੇਸਾਂ ਨੂੰ ਲੋਕ ਅਦਾਲਤ ਵਿੱਚ ਲਗਾਉਣ ਲਈ ਸਬੰਧਤ ਅਦਾਲਤ ਦੇ ਜੱਜ ਸਾਹਿਬਾਨ ਨੂੰ ਦਰਖਾਸਤ ਦਿੱਤੀ ਜਾ ਸਕਦੀ ਹੈ ਅਤੇ ਪ੍ਰੀ-ਲਿਟਿਗੇਟਿਵ ਕੇਸ ਉਹ ਹਨ ਜ਼ੋ ਅਦਾਲਤਾਂ ਵਿੱਚ ਨਹੀਂ ਚੱਲ ਰਹੇ ਹੁੰਦੇ ਹਨ, ਜਿਵੇ ਕਿ ਪਾਣੀ ਅਤੇ ਬਿਜਲੀ ਦੇ ਬਿੱਲ, ਟੈਲੀਫੋਨ ਕੰਪਨੀ, ਬੈਂਕਾਂ ਦੇ ਕੇਸ, ਅਧਾਰ ਕਾਰਡ, ਵੋਟਰ ਕਾਰਡ ਆਦਿ ਸਬੰਧੀ ਆਪਣੀ ਸਮੱਸਿਆਵਾਂ ਨਾਲ ਸਬੰਧਤ ਦਰਖਾਸਤ ਦੇ ਕੇ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਨਿਪਟਾਰਾ ਕੀਤਾ ਜਾ ਸਕਦਾ ਹੈ।ਇਸ ਦੇ ਨਾਲ ਹੀ ਅੱਜ ਪੈਨਲ ਐਡਵੋਕੇਟਾਂ ਅਤੇ ਐਲ.ਏ.ਡੀ.ਸੀ. ਕਾਊਂਸਲਾ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿਗ ਦੌਰਾਨ ਉਨ੍ਹਾਂ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਜਲਦ ਤੋਂ ਜਲਦ ਨਾਲਸਾ ਦੇ ਪੋਰਟਲ ’ਤੇ ਆਪਣੇ-ਆਪਣੇ ਕੇਸਾਂ ਦਾ ਵੇਰਵੇ ਦਰਜ ਕਰਨ ਤਾਂ ਜੋ ਇਨ੍ਹਾਂ ਕੇਸਾ ਸਬੰਧੀ ਸਾਰੀ ਜਾਣਕਾਰੀ ਨਾਲਸਾ ਦੇ ਪੌਰਟਲ ’ਤੇ ਉਪਲਬੱਧ ਹੋ ਸਕੇ। ਅਖੀਰ ਵਿੱਚ ਪੈਰਾਲੀਗਲ ਵਲੰਟੀਅਰ ਅਰਪਣ ਕੁਮਾਰ ਵਲੋਂ ਮੁਫਤ ਕਾਨੂੰਨੀ ਸੇਵਾਵਾਂ ਸਬੰਧੀ ਪ੍ਰਚਾਰ ਸਮੱਗਰੀ ਵੰਡੀ ਗਈ| ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼ਰਦ ਕੁਮਾਰ, ਹੈੱਡ ਮਿਸਟਰ੍ਰੇਸ ਜਸਜੀਤ ਮੂੰਡੀ, ਕੋਆਡੀਨੇਟਰ ਹਰਮਿੰਦਰ ਸਿੰਘ, ਆਰ.ਟੀ.ਏ. ਰਵਿੰਦਰ ਸਿੰਘ ਗਿੱਲ, ਟ੍ਰੈਫਿਕ ਪੁਲਿਸ ਅਫਸਰ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਪੈਨਲ ਐਡਵੋਕੇਟ ਹਰਜੀਤ ਕੌਰ, ਪਵਨ ਕੁਮਾਰ ਮੁਨਸ਼ੀ/ਸੇਵਾਦਾਰ ਅਤੇ ਅਰਪਣ ਕੁਮਾਰ ਪੀ.ਐਲ.ਵੀ. ਹਾਜ਼ਰ ਸਨ।