ਹੁਸ਼ਿਆਰਪੁਰ, 17 ਜੂਨ(ਬਜਰੰਗੀ ਪਾਂਡੇ): ਨਗਰ ਨਿਗਮ ਹੁਸ਼ਿਆਰਪੁਰ ਦੇ ਵੱਖ-ਵੱਖ ਦਫ਼ਤਰ ਵਿਚ ਪਏ ਕੰਡਮ ਸਾਮਾਨ ਦੀ ਅੱਜ ਨਗਰ ਨਿਗਮ ਵਿਚ ਖੁੱਲੀ ਬੋਲੀ ਕਰਵਾਈ ਗਈ। ਜਾਣਕਾਰੀ ਦਿੰਦੇ ਹੋਏ ਮੇਅਰ ਸੁਰਿੰਦਰ ਕੁਮਾਰ ਨੇ ਕਿਹਾ ਕਿ ਪਿਛਲੇ 12-13 ਸਾਲਾਂ ਤੋਂ ਨਗਰ ਨਿਗਮ ਹੁਸ਼ਿਆਰਪੁਰ ਦੇ ਦਫ਼ਤਰ, ਨਗਰ ਨਿਗਮ ਦੇ ਪੁਰਾਣੇ ਦਫ਼ਤਰ, ਫਾਇਰ ਬ੍ਰਿਗੇਡ ਦਫ਼ਤਰ ਅਤੇ ਮਿਊਂਸੀਪਲ ਲਾਇਬ੍ਰੇਰੀ ਘੰਟਾ ਘਰ ਵਿਚ ਵੱਖ-ਵੱਖ ਪ੍ਰਕਾਰ ਦਾ ਕੰਡਮ ਸਾਮਾਨ ਪਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਸਾਮਾਨ ਨਾਲ ਜਿਥੇ ਨਗਰ ਨਿਗਮ ਦੀ ਖੁਬਸੂਤਰੀ ਖਰਾਬ ਹੋ ਰਹੀ ਸੀ, ਉਥੇ ਇਸ ਕੰਡਮ ਸਾਮਾਨ ਦੇ ਚੋਰੀ ਹੋਣ ਦਾ ਵੀ ਖਤਰਾ ਬਣਿਆ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਇਕ ਅਹਿਮ ਫੈਸਲਾ ਲੈਂਦੇ ਹੋਏ ਇਨ੍ਹਾਂ ਥਾਵਾਂ ਵਿਚ ਪਏ ਕੰਡਮ ਸਾਮਾਨ ਦੀ ਨਗਰ ਨਿਗਮ ਵਿਚ ਖੁੱਲ੍ਹੀ ਬੋਲੀ ਕਰਵਾਈ ਗਈ। ਇਸ ਬੋਲੀ ਵਿਚ ਉਨ੍ਹਾਂ ਤੋਂ ਇਲਾਵਾ ਸੰਦੀਪ ਤਿਵਾੜੀ ਸਹਾਇਕ ਕਮਿਸ਼ਨਰ, ਪ੍ਰਵੀਨ ਲੱਤਾ ਸੈਣੀ ਸੀਨੀਅਰ ਡਿਪਟੀ ਮੇਅਰ, ਰਣਜੀਤ ਚੌਧਰੀ ਡਿਪਟੀ ਮੇਅਰ, ਜਸਵਿੰਦਰ ਸਿੰਘ ਸਕੱਤਰ, ਲਵਦੀਪ ਸਿੰਘ ਸਹਾਇਕ ਨਿਗਮ ਇੰਜੀਨੀਅਰ, ਮੁਕਲ ਕੇਸਰ ਸੁਪਰਡੰਟ, ਅਮਿਤ ਕੁਮਾਰ ਸੁਪਰਡੰਟ, ਕੁਲਵਿੰਦਰ ਸਿੰਘ ਸੁਪਰਡੰਟ ਵੀ ਮੌਜੂਦ ਹੋਏ।
ਮੇਅਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਖੁੱਲ੍ਹੀ ਬੋਲੀ ਵਿਚ ਕੁੱਲ 62 ਲੋਕਾਂ ਨੇ ਹਿੱਸਾ ਲਿਆ। ਇਸ ਖੁੱਲ੍ਹੀ ਬੋਲੀ ਤੋਂ ਜਿਥੇ ਨਕਾਰਾ ਸਾਮਾਨ ਦੀ ਡਿਸਪੋਜ਼ਲ ਹੋਈ ਹੈ, ਉਥੇ ਨਗਰ ਨਿਗਮ ਨੂੰ ਕਾਫ਼ੀ ਆਰਥਿਕ ਲਾਭ ਹੋਇਆ ਹੈ। ਉਨ੍ਹਾਂ ਦੱਸਿਆ ਕਿ ਨਕਾਰਾ ਸਾਮਾਨ ਦੇ ਪਹਿਲੇ ਪੜਾਅ ਵਿਚ ਖੁੱਲੀ ਬੋਲੀ ਦੌਰਾਨ ਸ਼ਾਨਦਾਰ ਵਿੱਤੀ ਲਾਭ ਹੋਇਆ ਹੈ। ਇਸ ਬੋਲੀ ਤੋਂ ਪ੍ਰੇਰਿਤ ਹੋ ਕੇ ਜਲਦ ਹੀ ਨਕਾਰਾ ਸਾਮਾਨ ਦੇ ਦੂਜੇ ਪੜਾਅ ਵਿਚ ਨਗਰ ਨਿਗਮ ਵੱਖ-ਵੱਖ ਦਫ਼ਤਰਾਂ ਵਿਚ ਪਏ ਨਕਾਰਾ ਗੱਡੀਆਂ ਨੂੰ ਵੀ ਖੁੱਲ੍ਹੀ ਬੋਲੀ ਰਾਹੀਂ ਨੀਲਾਮ ਕੀਤਾ ਜਾਵੇਗਾ ਅਤੇ ਉਮੀਦ ਹੈ ਕਿ ਇਸ ਨਾਲ ਨਗਰ ਨਿਗਮ ਨੂੰ ਵੀ ਕਾਫੀ ਆਰਥਿਕ ਲਾਭ ਹੋਵੇਗਾ।