News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਲਗਾਏ ਖ਼ੂਨਦਾਨ ਕੈਂਪ ਮੌਕੇ 41 ਯੂਨਿਟ ਖ਼ੂਨ ਇਕੱਤਰ

ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਲਗਾਏ ਖ਼ੂਨਦਾਨ ਕੈਂਪ ਮੌਕੇ 41 ਯੂਨਿਟ ਖ਼ੂਨ ਇਕੱਤਰ
-ਮਾਨਵਤਾ ਦੀ ਸੇਵਾ ਵਿਚ ਰੈੱਡ ਕਰਾਸ ਦਾ ਯੋਗਦਾਨ ਬੇਮਿਸਾਲ : ਵਿਓਮ ਭਾਰਦਵਾਜ

ਹੁਸ਼ਿਆਰਪੁਰ, 8 ਮਈ (TTT):
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਪ੍ਰਧਾਨਗੀ ਅਤੇ ਅਗਵਾਈ ਹੇਠ ਚਲਾਈ ਜਾ ਰਹੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਫਾਰਚੂਨ ਪਾਰਕ ਹੋਟਲ ਚੌਹਾਲ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦੌਰਾਨ 41 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਇਸ ਕੈਂਪ ਵਿਚ ਸਹਾਇਕ ਕਮਿਸ਼ਨਰ ਵਿਓਮ ਭਾਰਦਵਾਜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਮਾਨਵਤਾ ਦੀ ਸੇਵਾ ਵਿਚ ਰੈੱਡ ਕਰਾਸ ਦਾ ਯੋਗਦਾਨ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਰੈੱਡ ਕਰਾਸ ਦੇ ਬਾਨੀ ਸਰ ਜੀਨ ਹੈਨਰੀ ਡਿਊਨਾ ਦੇ ਜਨਮ ਦਿਨ ਦੇ ਸਬੰਧ ਵਿਚ ਪੂਰੇ ਵਿਸ਼ਵ ਵਿਚ ਮਨਾਇਆ ਜਾਂਦਾ ਹੈ। ਉਨ੍ਹਾਂ ਵੱਲੋਂ ਸਮਾਜ ਸੇਵਾ ਲਈ ਰੈੱਡ ਕਰਾਸ ਸੁਸਾਇਟੀ ਦੀ ਸਥਾਪਨਾ ਕੀਤੀ ਗਈ ਸੀ। ਰੈੱਡ ਕਰਾਸ ਸੁਸਾਇਟੀ ਵਿਸ਼ਵ ਦੇ 192 ਮੁਲਕਾਂ ਵਿਚ ਚੱਲ ਰਹੀ ਹੈ ਅਤੇ ਮਾਨਵਤਾ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਿਖੇ ਵੀ ਬਹੁਤ ਸਾਰੇ ਲੋਕ ਭਲਾਈ ਦੇ ਪ੍ਰੋਜੈਕਟ ਜਿਵੇਂ ਕਿ ਵੋਕੇਸ਼ਨਲ ਟ੍ਰੇਨਿੰਗ ਸੈਂਟਰ, ਕਰੈਚ ਸੈਂਟਰ, ਹੋਮਿਓਪੈਥਿਕ ਡਿਸਪੈਂਸਰੀ, ਐਮ.ਸੀ.ਐਚ ਸੈਂਟਰ, ਜਨ ਔਸ਼ਧੀ ਸਟੋਰ, ਸਪੈਸ਼ਲ ਬੱਚਿਆਂ ਲਈ ‘ਵਿੰਗ ਪ੍ਰੋਜੇਕਟ’ ਅਤੇ ਸਾਂਝੀ ਰਸੋਈ ਪ੍ਰੋਜੈਕਟ ਆਦਿ ਚਲਾਏ ਜਾ ਰਹੇ ਹਨ। ਉਨ੍ਹਾਂ ਆਮ ਲੋਕਾਂ ਅਤੇ ਫਾਰਚੂਨ ਹੋਟਲ ਦੇ ਅਧਿਕਾਰੀਆਂ ਨੂੰ ਇਹ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਕੀਤੀਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਵਿਚ ਵੱਧ ਤੋਂ ਵੱਧ ਆਪਣਾ ਯੋਗਦਾਨ ਦੇਣ। ਉਨ੍ਹਾਂ ਖੂਨਦਾਨ ਕਰਨ ਵਾਲਿਆਂ ਨੂੰ ਮੈਡਲ, ਸਰਟੀਫਿਕੇਟ ਅਤੇ ਪੌਦੇ ਵੰਡੇ।
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਪੰਜਾਬ ਸਟੇਟ ਬ੍ਰਾਂਚ ਚੰਡੀਗੜ੍ਹ ਵੱਲੋਂ ਵਿਸ਼ਵ ਰੈੱਡ ਕਰਾਸ ਦਿਵਸ ਮਨਾਉਣ ਦੇ ਸਬੰਧ ਵਿਚ ‘ਮਨੁੱਖਤਾ ਨੂੰ ਜਿਊਂਦਾ ਰੱਖਣਾ’ ਦਾ ਥੀਮ ਦਿੱਤਾ ਗਿਆ ਸੀ, ਜਿਸ ਤਹਿਤ ਹੀ ਰੈੱਡ ਕਰਾਸ ਵੱਲੋਂ ਖ਼ੂਨਦਾਨ ਕੈਂਪ ਅਤੇ ਮੈਡੀਕਲ ਚੈਕਅੱਪ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਪੰਜਾਬ ਰੋਡਵੇਜ਼ ਦੇ ਸਹਿਯੋਗ ਨਾਲ ਬੱਸ ਸਟੈਂਡ ਹੁਸ਼ਿਆਰਪੁਰ ਵਿਚ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ ਸੀ, ਜਿਸ ਵਿਚ 101 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ ਸੀ। ਇਸ ਉਪਰੰਤ ਮਈ 2024 ਦੇ ਪਹਿਲੇ ਹਫ਼ਤੇ ਵਿਚ ਰੈੱਡ ਕਰਾਸ ਦਫ਼ਤਰ ਵਿਖੇ ਇਕ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ, ਜਿਸ ਵਿਚ ਕਰਮਚਾਰੀਆਂ ਅਤੇ ਵਿਦਿਆਰਥੀਆਂ ਦੇ ਖੂਨ ਸੈਂਪਲ ਲੈ ਕੇ ਸ਼ੂਗਰ, ਕੋਲੈਸਟਰੋਲ ਅਤੇ ਥਾਈਰਾਈਡ ਵਰਗੀਆਂ ਸਮੱਸਿਆਵਾਂ ਦੀ ਜਾਂਚ ਕੀਤੀ ਗਈ। ਰੈੱਡ ਕਰਾਸ ਵੱਲੋਂ ਇਹ ਦੋਵੇਂ ਖ਼ੂਨਦਾਨ ਕੈਂਪ ਲਗਾ ਕੇ 142 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ।
ਇਸ ਮੌਕੇ ਰੈੱਡ ਕਰਾਸ ਦੇ ਕਾਰਜਕਾਰਨੀ ਮੈਂਬਰ ਰਾਜੀਵ ਬਜਾਜ, ਕਾਊਂਸਲਰ ਰੋਜ਼ਗਾਰ ਦਫਤਰ ਆਦਿੱਤਿਆ ਰਾਣਾ, ਲੇਖਾਕਾਰ ਰੈੱਡ ਕਰਾਸ ਸਰਬਜੀਤ, ਜਨਰਲ ਮੈਨੇਜਰ ਰਾਜੀਵ, ਐਚ.ਆਰ. ਮੈਨੇਜਰ ਦਾਮਿਨੀ ਸੂਦ, ਚੀਫ ਸਕਿਉਰਿਟੀ ਅਫਸਰ ਲਖਵੀਰ ਸਿੰਘ, ਕਾਰਜਕਾਰੀ ਸ਼ੈਫ ਪ੍ਰਤਾਪ ਸਿੰਘ ਤੋਂ ਇਲਾਵਾ ਰੈੱਡ ਕਰਾਸ ਸਟਾਫ ਅਤੇ ਫਾਰਚੂਨ ਪਾਰਕ ਹੋਟਲ ਦਾ ਸਟਾਫ ਮੌਜੂਦ ਸੀ।