
ਹੁਸ਼ਿਆਰਪੁਰ 20 ਮਾਰਚ 2025,ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਸ਼ਗੋਤਰਾ ਦੇ ਹੁਕਮਾਂ ਅਤੇ ਡੀਡੀਐਚਓ ਡਾ ਮੋਨਿੰਦਰ ਕੌਰ ਦੀ ਅਗਵਾਈ ਹੇਠ ਅੱਜ ਜਿਲ੍ਹੇ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਵਿਸ਼ਵ ਓਰਲ ਹੈਲਥ ਦਿਵਸ ਮਨਾਇਆ ਗਿਆ। ਇਸ ਸਾਲ ਦੇ ਥੀਮ “ਖੁਸ਼ ਮੂੰਹ ਹੀ ਖੁਸ਼ ਦਿਮਾਗ ਹੈ” ਵਿਸ਼ੇ ਤਹਿਤ ਵਿਭਾਗ ਵੱਲੋਂ ਬਿਰਧ ਆਸ਼ਰਮ ਰਾਮ ਕਲੋਨੀ ਕੈਂਪ ਵਿਖੇ ਦੰਦਾਂ ਦਾ ਚੈੱਕਅੱਪ ਕੈਂਪ ਲਗਾਇਆ ਗਿਆ। ਇਸ ਮੌਕੇ ਡੈਂਟਲ ਸਰਜਨ ਡਾ ਬਲਜੀਤ ਕਟਾਰੀਆ, ਡਾ ਨਵਨੀਤ ਕੌਰ, ਡਾ ਰੋਜ਼ੀ, ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫ਼ਸਰ ਸ਼੍ਰੀਮਤੀ ਰਮਨਦੀਪ ਕੌਰ, ਫਾਰਮੇਸੀ ਅਫ਼ਸਰ ਸ਼੍ਰੀਮਤੀ ਅੰਮ੍ਰਿਤ ਅਤੇ ਹੋਰ ਹਾਜ਼ਰ ਸਨ।
ਡਾ ਮੋਨਿੰਦਰ ਕੌਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭੋਜਨ ਨੂੰ ਚੰਗੀ ਤਰਾਂ ਚਬਾਉਣ ਅਤੇ ਪਚਾਉਣ ਲਈ ਮਜਬੂਤ ਅਤੇ ਸਿਹਤਮੰਦ ਦੰਦ ਜਰੂਰੀ ਹਨ। ਇਸੇ ਤਰਾਂ ਦੰਦਾਂ ਅਤੇ ਮਸੂੜਿਆਂ ਨੂੰ ਸਿਹਤਮੰਦ ਅਤੇ ਰੋਗ ਮੁਕਤ ਰੱਖਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਮਸੂੜੇ ਦੰਦਾਂ ਨੂੰ ਸਾਰੀ ਉਮਰ ਚੰਗੀ ਤਰਾਂ ਜਕੜ ਕੇ ਰੱਖ ਸਕਣ। ਉਹਨਾਂ ਕਿਹਾ ਕਿ ਦੰਦਾਂ ਵਿੱਚ ਜੋ ਭੋਜਨ ਫਸ ਜਾਂਦਾ ਹੈ ਉਸ ਨਾਲ ਦੰਦਾਂ ਵਿੱਚ ਸਾੜ ਪੈਦਾ ਹੋ ਜਾਂਦਾ ਹੈ ਜਿਸ ਕਾਰਣ ਮਸੂੜਿਆਂ ਵਿੱਚ ਸੋਜ਼ਸ਼ ਅਤੇ ਬਰੱਸ਼ ਕਰਨ ਨਾਲ ਖੂਨ ਆਉਣ ਲੱਗ ਪੈਦਾ ਹੈ ਜੇਕਰ ਦੰਦਾਂ ਦੀ ਸਖਤ ਪੀਲੀ ਪਾਪੜੀ ਨੂੰ ਸਾਫ ਨਾ ਕੀਤਾ ਜਾਵੇ ਤਾਂ ਇਹ ਦੰਦਾਂ ਅਤੇ ਮਸੂੜਿਆਂ ਦੀ ਬੀਮਾਰੀ ਦਾ ਮੁੱਖ ਕਾਰਣ ਬਣਦੀ ਹੈ। ਇਸ ਲਈ ਸਾਨੂੰ ਦੰਦਾਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਡਾ. ਬਲਜੀਤ ਕਟਾਰੀਆ ਨੇ ਦੱਸਿਆ ਕਿ ਦੰਦਾਂ ਦੀਆਂ ਬੀਮਾਰੀਆਂ ਤੋਂ ਬਚਣ ਅਤੇ ਮਜਬੂਤ ਦੰਦਾਂ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਅਤੇ ਸਵੇਰ ਨੂੰ ਭੋਜਨ ਕਰਨ ਤੋਂ ਬਾਅਦ ਬਕਾਇਦਾ ਬਰੱਸ਼ ਕਰਨਾ ਚਾਹੀਦਾ ਹੈ ਜੋ ਦੰਦਾਂ ਉੱਤੇ ਪੇਪੜੀ ਜੰਮਣ ਤੋਂ ਰੋਕਣ ਵਿੱਚ ਸਹਾਇਕ ਹੁੰਦਾ ਹੈ। ਜੇਕਰ ਫਿਰ ਵੀ ਦੰਦਾਂ ਦੀ ਕੋਈ ਤਕਲੀਫ ਹੁੰਦੀ ਹੈ ਤਾਂ ਤੁਰੰਤ ਦੰਦਾਂ ਦੇ ਡਾਕਟਰ ਕੋਲ ਦਿਖਾਉਣਾ ਜਰੂਰੀ ਹੈ। ਡਾ ਨਵਨੀਤ ਕੌਰ ਜਾਣਕਾਰੀ ਸਾਂਝੀ ਕੀਤੀ ਕਿ ਦੰਦਾਂ ਦੀ ਚੰਗੀ ਤਰ੍ਹਾਂ ਸਫਾਈ ਲਈ ਜਰੂਰੀ ਹੈ ਕਿ ਹਰ ਤਿੰਨ ਮਹੀਨੇ ਬਾਅਦ ਬਰੱਸ਼ ਬਦਲਿਆ ਜਾਵੇ ਅਤੇ ਨਿਯਮਿਤ ਰੂਪ ਨਾਲ ਹਰ ਛੇ ਮਹੀਨਿਆਂ ਦੇ ਵਕਫੇ ਤੇ ਆਪਣੇ ਦੰਦਾ ਦੇ ਡਾਕਟਰ ਕੋਲ ਜਾਣਾ ਚਾਹੀਦਾ ਹੈ ਲੇਕਿਨ ਸਾਲ ਵਿੱਚ ਇੱਕ ਵਾਰ ਲਾਜ਼ਮੀ ਹੈ। ਇਸ ਮੌਕੇ ਸਿਹਤ ਵਿਭਾਗ ਵੱਲੋਂ ਨੂੰ ਬਜ਼ੁਰਗਾਂ ਨੂੰ ਰਸ ਅਤੇ ਬਿਸਕੁਟ ਵੀ ਵੰਡੇ ਗਏ।
