
19 ਮਾਰਚ ਨੂੰ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਆਗੂਆਂ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ‘ਚੋਂ ਰਿਹਾਅ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਹੁਣ ਮੁੜ ਤੋਂ ਕਿਸਾਨ ਆਗੂਆਂ ਵੱਲੋਂ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨ ਮਜ਼ਦੂਰ ਮੋਰਚਾ ਅਤੇ ਸਾਂਝਾ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਆਗੂਆਂ ਦਾ ਕਹਿਣਾ ਹੈ 31 ਮਾਰਚ ਨੂੰ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ।


31 ਮਾਰਚ ਨੂੰ ਲੱਗਣ ਵਾਲੇ ਧਰਨਿਆਂ ਦੀਆ ਮੰਗਾਂ 1) ਫ਼ਸਲਾਂ ਤੇ ਐਮ. ਐਸ. ਪੀ. ਗਰੰਟੀ ਕਾਨੂੰਨ ਸਮੇਤ 12 ਮੰਗਾਂ ਦੇ ਜਲਦ ਹੱਲ ਕੀਤੇ ਜਾਣ। 2) 19 ਮਾਰਚ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਚਲਦੇ ਕਿਸਾਨੀ ਅੰਦੋਲਨ ਦੌਰਾਨ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਪੁਲਿਸ ਬਲ ਦੀ ਵਰਤੋਂ ਕਰਕੇ ਮੋਰਚੇ ਉਖਾੜਨ ਦੀ ਕਾਰਵਾਈ ਕਰਨ ਕਾਰਨ ਹੋਏ ਹਰ ਤਰ੍ਹਾਂ ਦੇ ਮਾਲੀ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਦੁਆਰਾ ਕੀਤੀ ਜਾਵੇ। ( ਚੋਰੀ ਹੋਇਆ ਸਮਾਨ ਜਿਵੇਂ ਕਿ ਟਰੈਕਟਰ-ਟਰਾਲੀਆਂ, ਏ ਸੀ, ਫਰਿਜ਼, ਪਖੇ, ਟੈਂਟ, ਸਟੇਜ , ਸਪੀਕਰ, ਲੰਗਰ, ਮੋਟਰ ਸਾਈਕਲ, ਪਾਣੀ ਵਾਲੀਆਂ ਮੋਟਰਾਂ, ਕੂਲਰ, ਪਾਣੀ ਵਾਲੀਆਂ ਟੈਂਕੀਆਂ, ਕੰਪਿਊਟਰ, ਅਲਮਾਰੀਆਂ, ਮੰਜੇ, ਸੋਲਰ ਪੈਨਲ, ਕੁਰਸੀਆਂ ਮੇਜ਼, ਨਕਦੀ, ਗੱਦੇ ਦਰੀਆਂ, ਮੈਟ, ਲੰਗਰ ਦੇ ਬਰਤਨ, ਮੋਬਾਈਲ, ਕਪੜੇ, ਕੰਬਲ, ਗੈਸ ਸਿਲੰਡਰ, ਚੁੱਲ੍ਹੇ ਭੱਠੀਆਂ ਆਦਿ ) 3) ਪੁਲਿਸ ਵੱਲੋਂ ਮੋਰਚਿਆਂ ਤੇ ਕੀਤੇ ਤਸ਼ੱਦਦ ਵਿੱਚ ਆਮ ਕਿਸਾਨਾਂ ਮਜਦੂਰਾਂ ਦੀ ਕੁੱਟ ਮਾਰ ਅਤੇ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮਕੇ ਤੇ 20 ਮਾਰਚ ਨੂੰ ਸ਼ੰਭੂ ਮੋਰਚੇ ਤੇ ਲਾਠੀਆਂ ਨਾਲ ਹਮਲਾ ਕਰਕੇ ਕੁੱਟਮਾਰ ਕਰਨ ਵਾਲੇ ਥਾਣਾ ਸ਼ੰਭੂ ਦੇ ਐਸ ਐਚ ਓ ਹਰਪ੍ਰੀਤ ਸਿੰਘ ਨੂੰ ਬਰਖਾਸਤ ਕੀਤਾ ਜਾਵੇ। 4) ਸਰਕਾਰ ਦੀ ਸ਼ਹਿ ਤੇ ਜਿੰਨਾ ਸ਼ਰਾਰਤੀ ਅਨਸਰਾਂ ਵੱਲੋਂ ਸ਼ੰਭੂ ਖਨੌਰੀ ਤੇ ਚੋਰੀ-ਚਕਾਰੀ ਦੀਆਂ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ ਗਿਆ, ਅਜਿਹੇ ਅਨਸਰਾਂ ਤੇ ਤੁਰੰਤ ਬਣਦੀਆਂ ਧਾਰਾਵਾਂ ਤਹਿਤ ਪਰਚੇ ਦਰਜ ਕੀਤੇ ਜਾਣ।
