
ਬਲਾਕ ਹਾਰਟਾ ਬਡਲਾ (ਮਿਤੀ 18.03.2025) ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਐਸ.ਟੀ ਕਾਲਜ ਆਫ ਨਰਸਿੰਗ ਮਾਹਿਲਾਂਵਾਲੀ ਵਿਖੇ ਰਾਸ਼ਟਰੀ ਟੀਕਾਕਰਨ ਦਿਵਸ ਮਨਾਇਆ ਗਿਆ ਜਿਸ ਵਿੱਚ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ.ਐਚ.ਸੀ ਹਾਰਟਾ ਬਡਲਾ ਡਾ.ਮਨਪ੍ਰੀਤ ਸਿੰਘ ਬੈਂਸ ਮੁੱਖ ਮਹਿਮਾਨ ਦੇ ਤੌਰ ਹਾਜ਼ਰ ਹੋਏ।ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਾ.ਮਨਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਭਾਰਤ ਨੇ ਆਪਣੇ ਟੀਕਾਕਰਨ ਯਤਨਾਂ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ, ਜਿਸ ਵਿੱਚ ਸਰਵ ਵਿਆਪਕ ਟੀਕਾਕਰਨ ਕਵਰੇਜ ਅਤੇ ਸਿਹਤ ਸਮਾਨਤਾ ਪ੍ਰਤੀ ਮਜ਼ਬੂਤ ਵਚਨਬੱਧਤਾ ਹੈ। ਉਨਾਂ ਕਿਹਾ ਕਿ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ (UIP) ਭਾਰਤ ਦੇ ਸਭ ਤੋਂ ਵਿਆਪਕ ਜਨਤਕ ਸਿਹਤ ਪਹਿਲਕਦਮੀਆਂ ਵਿੱਚੋਂ ਇੱਕ ਹੈ, ਜਿਸਦਾ ਉਦੇਸ਼ ਹਰ ਸਾਲ ਲੱਖਾਂ ਨਵਜੰਮੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਜੀਵਨ-ਰੱਖਿਅਕ ਟੀਕੇ ਪ੍ਰਦਾਨ ਕਰਨਾ ਹੈ। UIP ਭਾਰਤ ਦੇ ਜਨਤਕ ਸਿਹਤ ਯਤਨਾਂ ਦਾ ਇੱਕ ਕੇਂਦਰੀ ਹਿੱਸਾ ਬਣ ਗਿਆ ਤਾਂ ਕਿ ਦੇਸ਼ ਦੇ ਸਭ ਤੋਂ ਦੂਰ-ਦੁਰਾਡੇ ਹਿੱਸਿਆਂ ਵਿੱਚ ਰਹਿ ਰਹੇ ਬੱਚਿਆਂ ਤੱਕ ਵੀ ਇਸ ਦੀ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਮੌਕੇ ਹਾਜ਼ਰ ਹੈਲਥ ਇੰਸਪੈਕਟਰ ਸ਼੍ਰੀ ਵਿਸ਼ਾਲ ਪੁਰੀ ਨੇ ਦੱਸਿਆ ਕਿ ਸਿਹਤ ਵਿਭਾਗ ਬੱਚਿਆਂ ਅਤੇ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਲਈ ਵਿਸ਼ੇਸ਼ ਉਪਰਾਲੇ ਉਲੀਕਦਾ ਰਹਿੰਦਾ ਹੈ ਜਿਨ੍ਹਾਂ ਵਿੱਚੋਂ ਇੱਕ”ਟੀਕਾਕਰਨ ਪ੍ਰੋਗਰਾਮ” ਵੀ ਹੈ ਜੋਕਿ ਸਾਰੀਆਂ ਸਰਕਾਰੀ ਸਿਹਤ ਸੰਸਥਾਂਵਾਂ ਵਿਖੇ ਮੁਫਤ ਚਲਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਜਨਤਕ ਸਿਹਤ ਲਈ ਟੀਕਾਕਰਨ ਪ੍ਰੋਗਰਾਮ ਇਕ ਮਜ਼ਬੂਤ ਬੁਨਿਆਦ ਦੇ ਰੂਪ ਵਿਚ ਉੱਭਰਿਆ ਹੈ ਜੋ ਕਿ ਬੱਚਿਆਂ ਨੂੰ ਵੱਖ-ਵੱਖ 11 ਮਾਰੂ ਬੀਮਾਰੀਆਂ ਤੋਂ ਬਚਾਉਂਦਾ ਅਤੇ ਬਿਮਾਰੀਆਂ ਨੂੰ ਫੈਲਣ ਤੋਂ ਰੋਕਦਾ ਹੈ। ਇਸ ਲਈ ਬੱਚਿਆਂ ਦਾ ਟੀਕਾਕਰਨ ਬਹੁਤ ਜਰੂਰੀ ਹੈ। ਉਨਾਂ ਸਿਹਤ ਵਿਭਾਗ ਵਲੋਂ ਜਾਰੀ ਰੂਟੀਨ ਟੀਕਾਕਰਨ ਸੂਚੀ ਜਿਸ ਵਿੱਚ ਬੱਚੇ ਦੇ ਜਨਮ ਤੋਂ ਲੈਕੇ 16 ਸਾਲ ਦੀ ਉਮਰ ਤੱਕ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਬਾਰੇ ਵਿਸਥਾਰਪੂਰਵਕ ਜਾਣਕਰਾਰੀ ਸਾਂਝੀ ਕੀਤੀ। ਉਨਾਂ ਕਿਹਾ ਕਿ ਵਿਭਾਗ ਦਾ ਟੀਚਾ ਹੈ ਕਿ ਹਰ ਟੀਕੇ ਦੀ ਪੁਹੰਚ ਹਰ ਬੱਚੇ ਤੱਕ ਕਰਵਾਈ ਜਾਵੇ ਇਸ ਲਈ ਹਰ ਬੁੱਧਵਾਰ ਨੂੰ ਸਿਹਤ ਸੰਸਥਾਂਵਾ ਵਿਖੇ ਮਮਤਾ ਦਿਵਸ ਮੋਕੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਵਿਸ਼ੇਸ਼ ਟੀਕਾਕਰਨ ਹਫਤੇ ਦੌਰਾਨ ਜਿਹੜੇ ਬੱਚੇ ਕਿਸੇ ਕਾਰਨ ਵਸ਼ ਟੀਕਾ ਲਗਵਾਉਣ ਤੋਂ ਵਾਂਝੇ ਰਹਿ ਜਾਣ ਉਨਾਂ ਨੂੰ ਕਵਰ ਕੀਤਾ ਜਾਂਦਾ ਹੈ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਵਰਗੇ ਵਿਸ਼ਾਲ ਦੇਸ਼ ਦੀ ਯੂਨੀਵਰਸਲ ਟੀਕਾਕਰਨ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਦੇ ਉਦੇਸ਼ ਨਾਲ ਹੀ U-WIN ਐਪ ਸ਼ੁਰੂ ਕੀਤਾ ਗਿਆ ਤਾਕਿ ਗਰਭਵਤੀ ਔਰਤਾਂ, ਬੱਚਿਆਂ ਦਾ 100 ਫੀਸਦੀ ਟੀਕਾਕਰਨ ਕਰਨਾ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਕਾਲਜ ਦੇ ਚੇਅਰਮੈਨ ਸ਼੍ਰੀ ਹਰੀਸ਼ ਕਪੂਰ,ਐਮ.ਡੀ ਸ਼੍ਰੀਮਤੀ ਅੰਜੂ ਕੁੰਦਰਾ,ਪ੍ਰਿੰਸੀਪਲ ਜੋਤੀ ਸੈਣੀ ਅਤੇ ਅਧਿਆਪਕ ਹਾਜ਼ਰ ਸਨ।
