ਨਰੇਸ਼ ਕੁਮਾਰ ਹਾਂਡਾ: ਅੰਗਹੀਣਾਂ ਦੀ ਭਲਾਈ ਲਈ ਅਦਮਯ ਯਤਨ
(TTT) ਇਸ ਸੰਸਾਰ ਵਿੱਚ ਕਈ ਤਰ੍ਹਾਂ ਦੇ ਮਨੁੱਖ ਜਨਮ ਲੈਂਦੇ ਹਨ। ਇਕ ਜਿਥੇ ਆਪਣੇ ਆਪ ਨੂੰ ਉੱਚਾ ਚੁੱਕਦੇ ਹਨ, ਉਹ ਦੂਜਿਆਂ ਦੀ ਪੀੜ੍ਹਾਂ ਨੂੰ ਵੀ ਮਹਿਸੂਸ ਕਰਦੇ ਹਨ।ਉਨ੍ਹਾਂ ਮਨੁੱਖਾਂ ਵਿਚੋਂ ਇਕ ਹਨ ਨਰੇਸ਼ ਕੁਮਾਰ ਹਾਂਡਾ, ਜੋ ਪਿਛਲੇ 19 ਸਾਲਾਂ ਤੋਂ ਅੰਗਹੀਣਾਂ ਨੂੰ ਸਮਰਪਿਤ ਹਨ। ਨਰੇਸ਼ ਕੁਮਾਰ ਹਾਂਡਾ ਦਾ ਜਨਮ 1974 ਨੂੰ ਬਾਂਸਾ ਵਾਲੇ ਬਜ਼ਾਰ, ਮੁਹੱਲਾ ਕੌੜਿਆ, ਸ਼ਹਿਰ ਫਗਵਾੜਾ, ਜ਼ਿਲ੍ਹਾ ਕਪੂਰਥਲਾ ਵਿੱਚ ਮਾਤਾ ਸਤੀਸ਼ ਰਾਣੀ ਹਾਂਡਾ ਦੀ ਕੁੱਖੋ ਹੋਇਆ।ਇਨ੍ਹਾਂ ਦੇ ਪਿਤਾ ਜੋਗਿੰਦਰ ਪਾਲ ਹਾਂਡਾ ਮਰਚੈਂਟ ਨੇਵੀ ਵਿੱਚ ਇੰਜੀਨੀਅਰ ਸਨ। ਪੰਜ ਮਹੀਨੇ ਦੀ ਉਮਰ ਵਿੱਚ ਨਰੇਸ਼ ਕੁਮਾਰ ਹਾਂਡਾ ਦੀ ਸੱਜੀ ਲੱਤ ਪੋਲੀਓ ਦੀ ਬਿਮਾਰੀ ਦੀ ਸ਼ਿਕਾਰ ਹੋ ਗਈ ਜਿਸ ਨਾਲ ਸੱਜੀ ਲੱਤ ਸਦਾ ਲਈ ਨਕਾਰਾ ਹੋ ਗਈ। ਇਕ ਰਿਸ਼ਟ-ਪੁਸ਼ਟ ਮਨੁੱਖੀ ਸਰੀਰ ਨੂੰ ਇਸ ਤਰ੍ਹਾਂ ਲੱਗਣ ਲੱਗਾ ਕਿ ਜਿਵੇਂ ਗ੍ਰਹਿਣ ਲੱਗ ਗਿਆ ਹੋਵੇ।ਪਰ ਨਰੇਸ਼ ਕੁਮਾਰ ਹਾਂਡਾ ਨੇ ਹਿੰਮਤ ਨਹੀ ਹਾਰੀ, ਪੰਜਾਬ ਸਕੂਲ ਸਿੱਖਿਆ ਬੋਰਡ ਤੋਂ 10+2 ਪਾਸ ਕੀਤੀ ਤੇ ਬਾਅਦ ਵਿੱਚ ਵੱਖ-ਵੱਖ ਵਿਸ਼ਿਆਂ ਦੇ 3 ਡਿਪਲੋਮੇ ਪਾਸ ਕੀਤੇ। ਇਕ ਲੱਤ ਤੋਂ ਨਕਾਰਾ ਹੋਣ ਦੇ ਬਾਵਜੂਦ ਅੱਜ ਇਕ ਸਫਲ ਕਾਰੋਬਾਰੀ ਹਨ। ਪਿਛਲੇ 19 ਸਾਲਾਂ ਤੋਂ ਵੱਖ ਵੱਖ ਸੰਸਥਾਵਾਂ ਨਾਲ ਰਲ ਕੇ ਅੰਗਹੀਣਾਂ ਦੇ ਪੁਨਰਵਾਸ ਲਈ ਕੰਮ ਕਰ ਰਹੇ ਹਨ ਤੇ ਨਾਲ-ਨਾਲ ਜਨਤਾ ਨੂੰ ਅਪਾਹਿਜ ਹੋਣ ਤੋਂ ਕਿਵੇਂ ਬਚਾਇਆ ਜਾਵੇ, ਉਸ ਦੇ ਲਈ ਵੀ ਅੰਗਹੀਣ ਜਾਗ੍ਰਤੀ ਮੰਚ ਰਾਹੀਂ ਲੋਕਾਂ ਨੂੰ ਜਾਗ੍ਰਤ ਕਰ ਰਹੇ ਹਨ। 2005 ਵਿੱਚ ਨਰੇਸ਼ ਕੁਮਾਰ ਹਾਂਡਾ ਭਾਰਤੀਯ ਵਿਕਲਾਂਗ ਕਲੱਬ ਪੰਜਾਬ (ਰਜਿ.) ਨਾਲ ਜੁੜ ਗਏ, ਜਿਸ ਦੀ ਅਗਵਾਈ ਇਸ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਧੀਰ ਸਟੇਟ ਅਵਾਰਡੀ ਕਰ ਰਹੇ ਹਨ।2005 ਤੋਂ ਅੰਗਹੀਣਾਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹਨ। ਅੰਗਹੀਣਾਂ ਦੇ ਪੁਨਰਵਾਸ ਲਈ ਕਾਨਫਰੰਸਾਂ, ਸੈਮੀਨਾਰਾ, ਖੇਡਾਂ, ਵਿਚਾਰ ਗੋਸ਼ਟੀਆਂ ਅਤੇ ਸੈਂਕੜੇ ਪੁਨਰਵਾਸ ਕੈਂਪਾ ਦਾ ਆਯੋਜਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੀਤਾ ਤੇ ਸਭ ਤੋਂ ਵੱਧ ਤਰਜੀਹ ਆਪਣੇ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਦਿੱਤੀ। ਵੱਖ-ਵੱਖ ਜੱਥੇਬੰਦੀਆਂ ਤੇ ਡਿਸਟ੍ਰਿਕ ਐਡਮਨਿਸਟ੍ਰੇਸ਼ਨ ਦੇ ਸਹਿਯੋਗ ਨਾਲ ਕੋਸ਼ਿਸ਼ ਕੀਤੀ ਕਿ ਕੋਈ ਵੀ ਯੋਗ ਤੇ ਲੋੜਵੰਦ ਅੰਗਹੀਣ ਉਸ ਨੂੰ ਮਿਲਣ ਵਾਲੀ ਸਹੂਲਤ ਤੋਂ ਵਾਂਝਾ ਨਾ ਰਹੇ। ਇਨ੍ਹਾਂ ਪੁਨਰਵਾਸ ਕੈਂਪਾ ਵਿੱਚ ਅੰਗਹੀਣ ਵਿਅਕਤੀਆਂ ਨੂੰ ਅੰਗਹੀਣ ਪ੍ਰਮਾਣ ਪੱਤਰ, ਰੇਲਵੇ ਸਫਰ ਲਈ ਰੇਲਵੇ ਪਾਸ, ਬੱਸ ਸਫਰ ਲਈ ਬੱਸ ਪਾਸ, ਵੀਲ੍ਹ ਚੇਅਰ, ਟ੍ਰਾਈ ਸਾਈਕਲ, ਮੋਟਰਾਈਜ਼ ਟ੍ਰਾਈ ਸਾਈਕਲ, ਨਕਲੀ ਅੰਗ, ਕੈਲੀਪਰਜ਼, ਫੌੜੀਆਂ, ਸਿਲਾਈ ਮਸ਼ੀਨਾਂ, ਪੈਨਸ਼ਨਾਂ, ਵਜ਼ੀਫੇ ਆਦਿ ਵੱਡੇ ਪੱਧਰ ‘ਤੇ ਮੁਹੱਈਆ ਕਰਵਾਉਣ ਲਈ ਯਤਨਸ਼ੀਨ ਰਹੇ। ਇਸ ਤੋਂ ਸਿਵਾਏ ਅੰਗਹੀਣਾਂ ਨੂੰ ਮਿਲਣ ਵਾਲੀਆਂ ਹੋਰ ਸਹੂਲਤਾਂ ਦਾ ਵੀ ਵੱਡੇ ਪੱਧਰ ਤੇ ਪੈਂਫਲੇਟ ਛਪਵਾ ਕੇ ਪ੍ਰਚਾਰ ਕੀਤਾ। ਕੈਪਸ਼ਨ: ਨਰੇਸ਼ ਕੁਮਾਰ ਹਾਂਡਾ ਨੂੰ ਉਨ੍ਹਾਂ ਦੀਆਂ ਅੰਗਹੀਣਾਂ ਪ੍ਰਤੀ ਸੇਵਾਵਾਂ ਲਈ ਸਨਮਾਨਿਤ ਕਰਦੇ ਹੋਏ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾ