ਮਾਤਾ ਚਿੰਤਪੁਰਨੀ ਮੇਲੇ ਦੌਰਾਨ ਪੁਖ਼ਤਾ ਸਫ਼ਾਈ ਪ੍ਰਬੰਧ ਯਕੀਨੀ ਬਣਾਉਣ ਲਈ ਨਗਰ ਨਿਗਮ ਪੱਬਾਂ ਭਾਰ
ਗਿੱਲੇ ਅਤੇ ਸੁੱਕੇ ਕੂੜੇ ਲਈ ਵੱਖ-ਵੱਖ ਡਸਟਬਿਨ ਮੁਹੱਈਆ ਕਰਵਾਏ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਰੋਕਣ ਲਈ ਲਗਾਤਾਰ ਕੀਤੀ ਜਾ ਰਹੀ ਹੈ ਚੈਕਿੰਗ
ਹੁਸ਼ਿਆਰਪੁਰ, 12 ਅਗਸਤ :(TTT) ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਡਾ. ਅਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਚਿੰਤਪੁਰਨੀ ਜੀ ਦੇ ਮੇਲਿਆਂ ਨੂੰ ਮੁੱਖ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਮ ਲੋਕਾਂ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਸ਼ਹਿਰ ਦੀ ਸਾਫ਼- ਸਫ਼ਾਈ ਨੂੰ ਧਿਆਨ ਵਿਚ ਰੱਖਦੇ ਹੋਏ ਨਗਰ ਨਿਗਮ ਦੀ ਸੈਨੀਟੇਸ਼ਨ ਟੀਮ ਵੱਲੋਂ ਰੋਜਾਨਾ ਸ਼ਹਿਰ ਦੀ ਹਦੂਦ ਅੰਦਰ ਪੈਂਦੇ ਏਰੀਏ ਦੀ ਸਾਫ਼-ਸਫ਼ਾਈ ਕਰਵਾਈ ਜਾ ਰਹੀ ਹੈ। ਸਫ਼ਾਈ ਵਿਵਸਥਾ ਦੇ ਕੰਮ ਨੂੰ ਹੋਰ ਪੁਖ਼ਤਾ ਢੰਗ ਨਾਲ ਕਰਨ ਲਈ ਨਗਰ ਨਿਗਮ ਦੀ ਟੀਮ ਵੱਲੋਂ ਮੇਲੇ ਦੇ ਰਸਤੇ ਵਿਚ ਲਗਾਏ ਜਾਣ ਵਾਲੇ ਲੰਗਰਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਲਈ ਵੱਖ-ਵੱਖ ਡਸਟਬਿਨ ਮੁਹੱਈਆ ਕਰਵਾਏ ਗਏ ਹਨ। ਇਸ ਤੋਂ ਇਲਾਵਾ ਲੰਗਰਾਂ ਵਿਚ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਉੱਪਰ ਪੂਰਨ ਤੌਰ ’ਤੇ ਪਾਬੰਦੀ ਲਗਾਈ ਗਈ ਹੈ, ਜਿਸ ਨੂੰ ਨੇਪਰੇ ਚਾੜ੍ਹਨ
ਲਈ ਨਗਰ ਨਿਗਮ ਦੀ ਚੈਕਿੰਗ ਟੀਮ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨਾਲ ਲੰਗਰ ਵਾਲੇ ਸਥਾਨਾਂ ’ਤੇ ਰੋਜ਼ਾਨਾ ਸਾਂਝੀ ਵਿਜ਼ਿਟ ਕੀਤੀ ਜਾਂਦੀ ਹੈ ਅਤੇ ਹਰੇਕ ਲੰਗਰ ਵਿਖੇ ਸਿੰਗਲ ਯੂਜ਼ ਪਲਾਸਟਿਕ ਦੀ ਚੈਕਿੰਗ ਕੀਤੀ ਜਾਂਦੀ ਹੈ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕਿਸੇ ਵੀ ਲੰਗਰ ਕਮੇਟੀ ਦੁਆਰਾ ਮੇਲਿਆਂ ਦੌਰਾਨ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕੀਤੀ ਜਾਂਦੀ ਪਾਈ ਜਾਂਦੀ ਹੈ, ਤਾਂ ਉਸ ਵਿਰੁੱਧ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕਰਦੇ ਹੋਏ ਮੌਕੇ ’ਤੇ ਹੀ ਸਿੰਗਲ ਯੂਜ਼ ਪਲਾਸਟਿਕ ਦਾ ਸਾਮਾਨ ਜ਼ਬਤ ਕੀਤਾ ਜਾਵੇਗਾ ਅਤੇ ਬਣਦਾ ਚਲਾਨ ਜਾਰੀ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਮਾਤਾ ਚਿੰਤਪੁਰਨੀ ਜੀ ਦੇ ਮੇਲਿਆਂ ਨੂੰ ਸਾਫ-ਸੁਥਰਾ ਅਤੇ ਪਲਾਸਟਿਕ ਮੁਕਤ ਰੱਖਣ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਪੀ.ਪੀ.ਸੀ.ਬੀ ਐਸ.ਡੀ.ਓ ਵਿਰੇਸ਼, ਸੈਨੇਟਰੀ ਇੰਸਪੈਕਟਰ ਰਾਜੇਸ਼ ਸ਼ਰਮਾ, ਏ.ਐਸ.ਐਮ ਗੌਰਵ ਸ਼ਰਮਾ ਅਤੇ ਵਿਸ਼ੇਸ਼ ਵੀ ਮੌਜੂਦ ਸਨ।