ਪਰਾਲੀ ਪ੍ਰਬੰਧਨ ਕਰਕੇ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣੇ ਪਿੰਡ ਬਹਿਬਲ ਮੰਝ ਦੇ ਮੁਖਤਿਆਰ ਸਿੰਘ
ਹੁਸ਼ਿਆਰਪੁਰ, 24 ਸਤੰਬਰ:(TTT) ਹਾਜੀਪੁਰ ਬਲਾਕ ਦੇ ਪਿੰਡ ਬਹਿਬਲ ਮੰਝ ਦੇ ਅਗਾਂਹਵਧੂ ਕਿਸਾਨ ਮੁਖਤਿਆਰ ਸਿੰਘ ਨੇ ਆਪਣੇ ਖੇਤਾਂ ਵਿੱਚ ਪਰਾਲੀ ਪ੍ਰਬੰਧਨ ਦਾ ਇੱਕ ਨਿਵੇਕਲਾ ਅਤੇ ਸਫਲ ਤਰੀਕਾ ਅਪਣਾਇਆ ਹੈ, ਜੋ ਅੱਜ ਹੋਰ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣ ਚੁੱਕਾ ਹੈ।
ਮੁਖਤਿਆਰ ਸਿੰਘ ਪਿਛਲੇ ਕਈ ਸਾਲਾਂ ਤੋਂ ਗੰਨੇ, ਝੋਨਾ ਅਤੇ ਕਣਕ ਦੀ ਖੇਤੀ ਕਰ ਰਹੇ ਹਨ। ਸਾਲ 2018 ਵਿੱਚ ਉਸ ਨੇ ਪਰਾਲੀ ਨੂੰ ਸਾੜਨ ਦੀ ਬਜਾਏ ਉਸ ਨੂੰ ਖੇਤ ਵਿੱਚ ਹੀ ਵਰਤਣ ਦੀ ਤਕਨੀਕ ਅਪਣਾਈ। ਉਨ੍ਹਾਂ ਨੇ 2 ਕਨਾਲ ਜ਼ਮੀਨ ‘ਤੇ ਝੋਨੇ ਦੀ ਕਟਾਈ ਕਰਨ ਤੋਂ ਬਾਅਦ ਜ਼ਮੀਨ ਤੋਂ 4 ਇੰਚ ਦੀ ਉਚਾਈ ‘ਤੇ ਪਰਾਲੀ ਕੱਟੀ ਅਤੇ ਉਸ ਤੋਂ ਬਾਅਦ ਹਲਕੀ ਸਿੰਚਾਈ ਕਰਕੇ ਕਣਕ ਦੀ ਬਿਜਾਈ ਕੀਤੀ।ਇਸ ਤਕਨੀਕ ਨੇ ਨਾ ਸਿਰਫ਼ ਉਨ੍ਹਾਂ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਇਆ, ਸਗੋਂ ਵਾਤਾਵਰਣ ਨੂੰ ਸਾਫ਼ ਰੱਖਣ ਵਿੱਚ ਵੀ ਯੋਗਦਾਨ ਪਾਇਆ। ਕਿਸਾਨ ਮੁਖਤਿਆਰ ਸਿੰਘ ਦੇ ਇਸ ਉਪਰਾਲੇ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਵੀ ਸ਼ਲਾਘਾ ਕੀਤੀ ਗਈ ਅਤੇ ਇਸ ਦੇ ਆਧਾਰ ’ਤੇ ਇੱਕ “ਸਰਫੇਸ ਸੀਡਰ” ਮਸ਼ੀਨ ਤਿਆਰ ਕੀਤੀ ਗਈ।ਆਪਣੀ ਤਕਨੀਕ ਦੀ ਸਫਲਤਾ ਤੋਂ ਬਾਅਦ, ਉਸਨੇ ਅਗਲੇ ਸਾਲ 8 ਏਕੜ ਅਤੇ ਫਿਰ ਆਉਣ ਵਾਲੇ ਸਾਲਾਂ ਵਿੱਚ 16 ਏਕੜ ਜ਼ਮੀਨ ਵਿੱਚ ਇਸੇ ਵਿਧੀ ਦੀ ਵਰਤੋਂ ਕੀਤੀ। ਪਰਾਲੀ ਪ੍ਰਬੰਧਨ ਦੀ ਇਹ ਵਿਧੀ ਮਿੱਟੀ ਦੀ ਗੁਣਵੱਤਾ ਵਿੱਚ ਸੁਧਾਰ ਕਰਦੀ ਹੈ ਅਤੇ ਖਾਦ ਦੇ ਵਾਧੂ ਬੋਝ ਨੂੰ ਵੀ ਘਟਾਉਂਦੀ ਹੈ। ਸਾਲ 2023 ਵਿੱਚ ਮੁਖਤਿਆਰ ਸਿੰਘ ਨੇ ਖੇਤੀਬਾੜੀ ਵਿਭਾਗ ਹਾਜੀਪੁਰ ਨਾਲ ਸੰਪਰਕ ਕੀਤਾ ਅਤੇ ਇੱਕ ਸਰਫੇਸ ਸੀਡਰ ਮਸ਼ੀਨ ਖਰੀਦੀ। ਇਸ ਮਸ਼ੀਨ ਨਾਲ ਝੋਨੇ ਦੀ ਪਰਾਲੀ ਨੂੰ ਆਸਾਨੀ ਨਾਲ ਕੱਟਣ ਅਤੇ ਕਣਕ ਦੀ ਬਿਜਾਈ ਕਰਨ ਵਿੱਚ ਸਮੇਂ ਅਤੇ ਮਜ਼ਦੂਰ ਦੀ ਬੱਚਤ ਹੁੰਦੀ ਹੈ। ਨਤੀਜੇ ਵਜੋਂ ਮਜ਼ਦੂਰੀ, ਨਦੀਨਨਾਸਕ, ਕੀਟਨਾਸ਼ਕ ਅਤੇ ਖਾਦਾਂ ਦੀ ਲਾਗਤ ਵੀ ਘਟ ਗਈ, ਜਿਸ ਨਾਲ ਉਨ੍ਹਾਂ ਦੀ ਸ਼ੁੱਧ ਆਮਦਨ ਵਿੱਚ ਵਾਧਾ ਹੋਇਆ। ਪਰਾਲੀ ਨੂੰ ਖੇਤ ਵਿਚ ਹੀ ਪ੍ਰਬੰਧਨ ਕਰਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਉਨ੍ਹਾਂ ਦੇ ਯਤਨਾਂ ਨੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਦੇ ਇਸ ਯਤਨ ਨੇ ਕਿਸਾਨਾਂ ਨੂੰ ਦਿਖਾਇਆ ਹੈ ਕਿ ਕਿਵੇਂ ਆਧੁਨਿਕ ਤਕਨੀਕ ਅਤੇ ਪਰਾਲੀ ਪ੍ਰਬੰਧਨ ਦੇ ਸਹੀ ਤਰੀਕਿਆਂ ਨੂੰ ਅਪਣਾ ਕੇ ਵਾਤਾਵਰਣ ਦੀ ਸੁਰੱਖਿਆ ਅਤੇ ਉੱਚ ਆਮਦਨ ਦੋਵੇਂ ਪ੍ਰਾਪਤ ਕੀਤੇ ਜਾ ਸਕਦੇ ਹਨ।