AAP ਲਈ ਪ੍ਰਚਾਰ ਨਹੀਂ ਕਰਨਗੇ MP ਬਲਬੀਰ ਸਿੰਘ ਸੀਚੇਵਾਲ, ਜਾਣੋ ਕਿਉਂ
(TTT)ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਲਗਾਤਾਰ ਝਟਕੇ ਲੱਗਦੇ ਆ ਰਹੇ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ‘ਚ ਜਾਣ ਤੋਂ ਬਾਅਦ ਪਾਰਟੀ ਦੀਆਂ ਮੁਸ਼ਕਿਲਾਂ ਪਹਿਲਾਂ ਹੀ ਵਧੀਆਂ ਹੋਈਆਂ ਸਨ, ਹੁਣ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਪਾਰਲੀਮੈਂਟ ਬਲਬੀਰ ਸਿੰਘ ਨੇ ਨਵੀਂ ਮੁਸ਼ਕਿਲ ਖੜੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਉਹ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਲਈ ਪ੍ਰਚਾਰ ਨਹੀਂ ਕਰਨਗੇ। ਲੋਕ ਸਭਾ ਚੋਣਾਂ ਦੌਰਾਨ ਪਾਰਟੀਆਂ ਵੱਲੋਂ ਵਾਤਾਵਰਣ ਨੂੰ ਏਜੰਡਾ ਨਾ ਬਣਾਉਣ ਕਾਰਨ ਵੀ ਸੰਤ ਸੀਚੇਵਾਲ ਨਿਰਾਸ਼ ਹਨ।
ਦੱਸ ਦਈਏ ਕਿ ਸਾਲ 2023 ‘ਚ ਪੰਜਾਬ ਦੀਆਂ ਦੋ ਰਾਜ ਸਭਾ ਸੀਟਾਂ ਲਈ ਹੋਈਆਂ ਚੋਣਾਂ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸੀਚੇਵਾਲ ਬਿਨਾਂ ਕਿਸੇ ਵਿਰੋਧ ਦੇ ਚੁਣੇ ਗਏ ਸਨ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਚਾਰ ਕਰਨ ਸਬੰਧੀ ਕਿਹਾ, ”ਮੈਂ ਪਾਰਟੀ ਲਈ ਪ੍ਰਚਾਰ ਨਹੀਂ ਕਰਾਂਗਾ, ਕਿਸੇ ਰੈਲੀ ਵਿੱਚ ਵੀ ਨਹੀਂ ਜਾਵਾਂਗਾ, ਜੋ ਪਾਰਟੀ ਵਾਤਾਵਰਣ ਦੀ ਗੱਲ ਕਰੇਗੀ, ਮੈਂ ਕਹਾਂਗਾ ਉਸਨੂੰ ਵੋਟ ਪਾਓ।”
ਸੰਤ ਸੀਚੇਵਾਲ ਨੇ ਨਿਰਾਸ਼ਾ ਪ੍ਰਗਟ ਕਰਦਿਆਂ ਪੁੱਛਿਆ ਕਿ ਕਿਸੇ ਵੀ ਪਾਰਟੀ ਦੇ ਏਜੰਡੇ ‘ਤੇ ਵਾਤਾਵਰਣ ਦਾ ਮੁੱਦਾ ਕਿਉਂ ਨਹੀਂ ਹੈ? ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੀ ਵਾਤਾਵਰਣ ਦੀ ਗੱਲ ਕਰਨਗੇ ਤਾਂ ਮੈਂ ਉਨ੍ਹਾਂ ਲਈ ਵੋਟ ਪਾਉਣ ਲਈ ਕਹਾਂਗਾ।