ਮਾਤਾ ਚੰਚਲ ਕੌਰ ਦੀਆਂ ਅੱਖਾਂ ਨਾਲ ਦੋ ਹਨੇਰੀ ਜ਼ਿੰਦਗੀਆਂ ਨੂੰ ਮਿਲੀ ਰੋਸ਼ਨੀ: ਜੈ ਕਿਸ਼ਨ ਰੋੜੀ
ਅੰਤਿਮ ਅਰਦਾਸ ਵਿੱਚ ਪ੍ਰਧਾਨ ਸੰਜੀਵ ਅਰੋੜਾ ਵਲੋਂ ਪ੍ਰਮਾਣ ਪੱਤਰ ਦੇ ਕੇ ਕੀਤਾ ਸਨਮਾਨਤ
(TTT) ਵੀਰਮਪੁਰ ਰੋਡ ਗੜ੍ਹਸ਼ੰਕਰ ਨਿਵਾਸੀ ਮਾਤਾ ਚੰਚਲ ਕੌਰ ਦੇ ਦੇਹਾਂਤ ਉਪਰੰਤ ਉਨਾਂ ਦੇ ਪਰਿਵਾਰ ਦੇ ਮੈਂਬਰਾਂ ਰਾਜਿੰਦਰ ਸਿੰਘ ਸ਼ੂਕਾ ਸਾਬਕਾ ਪ੍ਰਧਾਨ ਨਗਰ ਕੌਂਸਲ ਗੜ੍ਹਸ਼ੰਕਰ, ਅਵਤਾਰ ਅਰੋੜਾ, ਹਰਦੀਪ ਸਿੰਘ (ਸਾਰੇ ਪੁੱਤਰ) ਵਲੋਂ ਆਪਣੀ ਮਾਤਾ ਦੀਆਂ ਅੱਖਾਂ ਰੋਟਰੀ ਆਈ ਬੈਂਕ ਦੇ ਰਾਹੀਂ ਡਾ. ਤਰਸੇਮ ਸਿੰਘ ਦੇ ਸਹਿਯੋਗ ਨਾਲ ਦਾਨ ਕੀਤੀਆਂ ਗਈਆਂ। ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਰੋਟਰੀ ਆਈ ਬੈਂਕ ਦੇ ਪ੍ਰਧਾਨ ਸੰਜੀਵ ਅਰੋੜਾ, ਮਦਨ ਲਾਲ ਮਹਾਜਨ, ਵੀਨਾ ਚੋਪੜਾ ਨੇ ਵਿਸ਼ੇਸ਼ ਤੌਰ ਤੇ ਪਹੰੁਚ ਕੇ ਅਰੋੜਾ ਪਰਿਵਾਰ ਨੂੰ ਨੇਤਰਦਾਨ ਕਰਨ ਦੇ ਲਈ ਪ੍ਰਮਾਣ ਪੱਤਰ ਦੇ ਕੇ ਸਨਮਾਨਤ ਕੀਤਾ।
ਇਸ ਮੌਕੇ ਤੇ ਸ਼ਰਧਾਂਜਲੀ ਭੇਂਟ ਕਰਨ ਪੁੱਜੇ ਜੈ ਕਿਸ਼ਨ ਰੋੜੀ ਡਿਪਟੀ ਸਪੀਕਰ ਨੇ ਪਰਿਵਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਰੋੜਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਸਮਾਜਿਕ ਕਾਰਜਾ ਵਿੱਚ ਵੱਧ ਚੜ ਕੇ ਭਾਗ ਲੈ ਰਿਹਾ ਹੈ ਅਤੇ ਸਭ ਤੋਂ ਵੱਡਾ ਪੁੰਨ ਦਾ ਕੰਮ ਪਰਿਵਾਰ ਵਲੋਂ ਮਾਤਾ ਜੀ ਦੇ ਨੇਤਰਦਾਨ ਕਰਵਾ ਕੇ ਕੀਤਾ ਗਿਆ ਅਤੇ ਸ਼੍ਰੀ ਰੋੜੀ ਨੇ ਕਿਹਾ ਕਿ ਸੁਸਾਇਟੀ ਰਾਹੀਂ ਪਤਾ ਚਲਿਆ ਹੈ ਕਿ ਮਾਤਾ ਜੀ ਦੀਆਂ ਅੱਖਾਂ ਨਾਲ ਦੋ ਹਨੇਰੀ ਜ਼ਿੰਦਗੀਆਂ ਨੂੰ ਰੋਸ਼ਨੀ ਮਿਲ ਚੁੱਕੀ ਹੈ ਅਤੇ ਉਨ੍ਹਾਂ ਨੇ ਸੁਸਾਇਟੀ ਦੇ ਕਾਰਜਾ ਦੀ ਵੀ ਬਹੁਤ ਸ਼ਲਾਘਾ ਕੀਤੀ। ਇਸ ਮੌਕੇ ਤੇ ਪ੍ਰਧਾਨ ਸੰਜੀਵ ਅਰੋੜਾ ਨੇ ਦੱਸਿਆ ਕਿ ਜਦੋਂ ਵੀ ਕਿਸੀ ਨੇਤਰਦਾਨੀ ਦੇ ਪਰਿਵਾਰ ਵਲੋਂ ਨੇਤਰਦਾਨ ਕਰਵਾਏ ਜਾਂਦੇ ਹਨ ਤਾਂ ਉਸ ਦੇ ਪਰਿਵਾਰ ਨੂੰ ਅੰਤਿਮ ਅਰਦਾਸ ਦੇ ਸਮੇਂ ਪ੍ਰਮਾਣ ਪੱਤਰ ਦੇ ਕੇ ਸਨਮਾਨਤ ਕੀਤਾ ਜਾਂਦਾ ਹੈ ਤਾਂਕਿ ਉਥੇ ਮੌਜੂਦ ਲੋਕਾਂ ਨੂੰ ਵੀ ਨੇਤਰਦਾਨ ਦੇ ਪ੍ਰਤੀ ਜਾਗਰੂਕ ਕੀਤਾ ਜਾ ਸਕੇ ਅਤੇ ਸ਼੍ਰੀ ਅਰੋੜਾ ਨੇ ਸੰਬੋਧਿਤ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਉਹ ਮਰਨ ਤੋਂ ਬਾਅਦ ਨੇਤਰਦਾਨ ਕਰਨ ਦੇ ਲਈ ਸਹੁੰ ਪੱਤਰ ਜ਼ਰੂਰ ਭਰਨ ਕਿਉਂਕਿ ਜਿਹੜੇ ਲੋਕ ਹਨੇਰੀ ਜ਼ਿੰਦਗੀ ਜੀਅ ਰਹੇ ਹਨ ਉਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਇਸ ਲਈ ਸਹੰੁ ਪੱਤਰ ਭਰਕੇ ਪੁੰਨ ਦੇ ਭਾਗੀ ਬਣੋ। ਹਾਜ਼ਰ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਡਾ. ਤਰਸੇਮ ਸਿੰਘ ਚੇਅਰਮੈਨ ਬਾੱਡੀ ਡੋਨੇਸ਼ਨ ਨੇ ਦੱਸਿਆ ਕਿ ਇਕ ਵਿਅਕਤੀ ਦੁਆਰਾ ਦਾਨ ਕੀਤੀਆਂ ਅੱਖਾਂ ਨਾਲ ਦੋ ਵਿਅਕਤੀਆਂ ਦੀ ਹਨੇਰੀ ਜ਼ਿੰਦਗੀ ਨੂੰ ਰੋਸ਼ਨੀ ਮਿਲਦੀ ਹੇ ਅਤੇ ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ 210 ਲੋਕਾਂ ਵਲੋਂ ਬਾੱਡੀ ਡੋਨੇਟ ਕਰਨ ਦੇ ਲਈ ਸਹੰੁ ਪੱਤਰ ਭਰਕੇ ਰਜਿਸਟ੍ਰੇਸ਼ਨ ਕਰਵਾਈ ਜਾ ਚੁੱਕੀ ਹੈ ਅਤੇ ਹੁਣ ਤਕ 24 ਸ਼ਰੀਰ ਮਰਨ ਤੋਂ ਬਾਅਦ ਮੈਡੀਕਲ ਕਾਲਜਾਂ ਨੂੰ ਖੋਜ ਦੇ ਲਏ ਭੇਜੇ ਜਾ ਚੁੱਕੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨੇਤਰਦਾਨ ਅਤੇ ਸਰੀਰਦਾਨ ਕਰਨ ਦੇ ਲਈ ਸਹੰੁ ਪੱਤਰ ਭਰਨ ਤਾਂਕਿ ਜ਼ਰੂਰਤਮੰਦਾਂ ਦੀ ਸਹਾਇਤਾ ਕਰਕੇ ਉਨ੍ਹਾਂ ਨੂੰ ਰੋਸ਼ਨੀ ਪ੍ਰਦਾਨ ਕੀਤੀ ਜਾ ਸਕੇ। ਇਸ ਮੌਕੇ ਤੇ ਸੁਸਾਇਟੀ ਵਲੋਂ ਮਦਨ ਲਾਲ ਮਹਾਜਨ, ਵੀਨਾ ਚੋਪੜਾ ਅਤੇ ਪਰਿਵਾਰ ਵਲੋਂ ਵਰਿੰਦਰ ਸਿੰਘ, ਕੰਵਰ ਅਰੋੜਾ, ਹਰਮਨਜੀਤ ਸਿੰਘ ਅਰੋੜਾ, ਪ੍ਰਭਨੂਰ ਸਿੰਘ ਅਰੋੜਾ, ਕੁੰਵਰ ਅਰੋੜਾ ਅਤੇ ਚੇਅਰਮੈਨ ਬਾੱਡੀ ਡੋਨੇਸ਼ਨ ਡਾ.ਤਰਸੇਮ ਸਿੰਘ ਵੀ ਮੌਜੂਦ ਸਨ।