ਵਿਧਾਇਕ ਜਿੰਪਾ ਨੇ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਦੀਆਂ 11 ਸਰਬਸੰਮਤੀ ਨਾਲ ਬਣੀਆਂ ਪੰਚਾਇਤਾਂ ਨੂੰ ਕੀਤਾ ਸਨਮਾਨਿਤ
ਕਿਹਾ, ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨਾਲ ਪਿੰਡਾਂ ਦੀ ਏਕਤਾ ਅਤੇ ਸਦਭਾਵਨਾ ਨੂੰ ਮਿਲੇਗਾ ਵਧਾਵਾ
ਹੁਸ਼ਿਆਰਪੁਰ, 13 ਅਕਤੂਬਰ:(TTT) ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਵਿਧਾਨ ਸਭਾ ਹਲਕੇ ਦੀਆਂ 57 ਵਿੱਚੋਂ 11 ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੀਆਂ ਪੰਚਾਇਤਾਂ ਨੇ ਰਾਜਨੀਤੀ ਤੋਂ ਉੱਪਰ ਉਠ ਕੇ ਜੋ ਇਕੱਠਾ ਫੈਸਲਾ ਕੀਤਾ ਹੈ, ਇਸ ਨਾਲ ਪਿੰਡਾਂ ਦੀ ਏਕਤਾ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਚਾਇਤਾਂ ਵੱਲੋਂ ਸਹਿਮਤੀ ਨਾਲ ਕੀਤਾ ਗਿਆ ਫੈਸਲਾ ਨਾ ਸਿਰਫ ਜਮਹੂਰੀ ਪ੍ਰਕਿਰਿਆ ਦਾ ਆਦਰਸ਼ ਨਮੂਨਾ ਹੈ, ਸਗੋਂ ਇਸ ਨਾਲ ਪੇਂਡੂ ਵਿਕਾਸ ਦੇ ਨਵੇਂ ਰਾਹ ਵੀ ਖੁੱਲਣਗੇ।
ਬ੍ਰਮ ਸ਼ੰਕਰ ਜਿੰਪਾ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪੰਚਾਇਤਾਂ ਨੂੰ ਖ਼ਾਸ ਗ੍ਰਾਂਟ ਵਜੋਂ ਪੰਜ ਲੱਖ ਰੁਪਏ ਦੀ ਰਕਮ ਦਿੱਤੀ ਜਾਏਗੀ। ਇਹ ਰਕਮ ਪਿੰਡਾਂ ਦੇ ਸਟੇਡਿਅਮ, ਸਕੂਲ ਜਾਂ ਹਸਪਤਾਲ ਦੇ ਨਿਰਮਾਣ ਅਤੇ ਵਿਕਾਸ ਕਾਰਜਾਂ ਲਈ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਅਨੁਸਾਰ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਹਰ ਸੰਭਵ ਆਰਥਿਕ ਮਦਦ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਪਿੰਡਾਂ ਦਾ ਪੂਰਨ ਵਿਕਾਸ ਯਕੀਨੀ ਬਣਾਇਆ ਜਾਵੇਗਾ।
ਵਿਧਾਇਕ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਦੀਆਂ ਪੰਚਾਇਤਾਂ ਦਾ ਇਹ ਕਦਮ ਪਿੰਡਾਂ ਦੀ ਏਕਤਾ ਅਤੇ ਸਦਭਾਵਨਾ ਨੂੰ ਵਧਾਵਾ ਦੇਵੇਗਾ। ਪੰਚਾਇਤਾਂ ਵੱਲੋਂ ਸਰਬਸੰਮਤੀ ਨਾਲ ਕੀਤੇ ਗਈ ਚੋਣ ਇਹ ਦਰਸਾਉਂਦੀ ਹੈ ਕਿ ਪੇਂਡੂ ਸਮਾਜ ਨੇ ਵਿਕਾਸ ਲਈ ਇਕੱਠੇ ਹੋ ਕੇ ਕੰਮ ਕਰਨ ਦਾ ਮਨ ਬਣਾ ਲਿਆ ਹੈ। ਇਸ ਨਾਲ ਪਿੰਡਾਂ ਵਿੱਚ ਆਪਸੀ ਸਹਿਯੋਗ ਅਤੇ ਸਦਭਾਵਨਾ ਵੀ ਵਧੇਗੀ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸਰਬਸੰਮਤੀ ਨਾਲ ਬਣੀਆਂ ਪੰਚਾਇਤਾਂ ਪੇਂਡੂ ਲੋਕਤੰਤਰ ਅਤੇ ਏਕਤਾ ਦੀ ਮਿਸਾਲ ਹਨ। ਇਹ ਪੰਚਾਇਤਾਂ ਪਿੰਡਾਂ ਦੇ ਵਿਕਾਸ ਦੇ ਨਾਲ-ਨਾਲ ਆਪਸੀ ਭਾਈਚਾਰੇ ਨੂੰ ਵੀ ਮਜ਼ਬੂਤ ਕਰਨਗੀਆਂ। ਪੰਜਾਬ ਸਰਕਾਰ ਇਨ੍ਹਾਂ ਪੰਚਾਇਤਾਂ ਦੇ ਯਤਨਾਂ ਨੂੰ ਸਫਲ ਬਣਾਉਣ ਲਈ ਹਰੇਕ ਸੰਭਵ ਮਦਦ ਪ੍ਰਦਾਨ ਕਰੇਗੀ।
ਇਸ ਮੌਕੇ ਤੇ ਜਿਨ੍ਹਾਂ ਪੰਚਾਇਤਾਂ ਨੂੰ ਸਨਮਾਨਿਤ ਕੀਤਾ ਗਿਆ, ਉਨ੍ਹਾਂ ਵਿੱਚ ਧੀਰੋਵਾਲ ਦੀ ਸਰਪੰਚ ਬਲਵੀਰ ਕੌਰ, ਬਹਾਦਰਪੁਰ ਬਾਹੀਆਂ ਦੇ ਸਰਪੰਚ ਮੰਗੀ ਲਾਲ, ਬਿਲਾਸਪੁਰ ਦੇ ਸਰਪੰਚ ਸੁਰਜੀਤ ਸਿੰਘ, ਉਪਰਲੀਆਂ ਖੜਕਾਂ ਦੀ ਸਰਪੰਚ ਕੁਲਵਿੰਦਰ ਕੌਰ, ਜੇ.ਸੀ.ਟੀ. ਚੌਹਾਲ ਦੀ ਸਰਪੰਚ ਮਾਲਾ ਦੇਵੀ, ਬਸੀ ਹਸਤ ਖਾਂ ਦੇ ਸਰਪੰਚ ਅਮਰਜੀਤ ਸਿੰਘ, ਨਾਰੂ ਨੰਗਲ ਪਿੰਡ ਦੀ ਸਰਪੰਚ ਤਲਵਿੰਦਰ ਕੌਰ, ਬਸੀ ਜਮਾਲ ਖਾਂ ਦੇ ਸਰਪੰਚ ਜਸਪ੍ਰੀਤ ਸਿੰਘ, ਮੁਹੱਲਾ ਰਾਮਗੜ੍ਹ ਚੌਹਾਲ ਦੀ ਸਰਪੰਚ ਪੁਨਮ, ਸ਼੍ਰੀ ਗੁਰੂ ਰਵਿਦਾਸ ਨਗਰ ਆਦਮਵਾਲ ਦੀ ਸਰਪੰਚ ਕੁਲਵਿੰਦਰ ਕੌਰ, ਮੋਚਪੁਰ ਦੀ ਸਰਪੰਚ ਨਿਸ਼ਾ ਸ਼ਾਮਲ ਸਨ।