ਸਾਂਸਦ ਡਾ ਰਾਜ ਕੁਮਾਰ ਵੱਲੋਂ ਆਮ ਆਦਮੀ ਕਲੀਨਿਕ ਖੁਸ਼ਹਾਲਪੁਰ ਦਾ ਉਦਘਾਟਨ
ਪੰਜਾਬ ਸਰਕਾਰ ਆਮ ਆਦਮੀ ਕਲੀਨਿਕਾਂ ਰਾਹੀਂ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਪ੍ਰਤੀ ਵਚਨਵੱਧ: ਡਾ ਰਾਜ ਕੁਮਾਰ
ਹੁਸ਼ਿਆਰਪੁਰ 5 ਅਗਸਤ 2024 (TTT) ਮਾਨਯੋਗ ਸਾਂਸਦ ਹੁਸ਼ਿਆਰਪੁਰ ਡਾ ਰਾਜ ਕੁਮਾਰ ਚੱਬੇਵਾਲ ਵੱਲੋਂ ਅੱਜ ਬਲਾਕ ਪਾਲਦੀ ਅਧੀਨ ਪੈਂਦੇ ਆਮ ਆਦਮੀ ਕਲੀਨਿਕ ਖੁਸ਼ਹਾਲਪੁਰ ਦਾ ਉਦਘਾਟਨ ਆਪਣੇ ਕਰ-ਕਮਲਾਂ ਰਾਹੀਂ ਕੀਤਾ ਗਿਆ। ਇਸ ਦੌਰਾਨ ਉਹਨਾਂ ਦੇ ਨਾਲ ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵਿੰਦਰ ਕੁਮਾਰ ਡਮਾਣਾ, ਸੀਨੀਅਰ ਮੈਡੀਕਲ ਅਫਸਰ ਪਾਲਦੀ ਡਾ. ਜਵਿੰਦਰਵੰਤ ਸਿੰਘ, ਮੈਡੀਕਲ ਅਫਸਰ ਆਮ ਆਦਮੀ ਕਲੀਨਿਕ ਡਾ ਟਵਿੰਕਲ ਸਿੰਘ ਅਤੇ ਇਲਾਕੇ ਦੇ ਮੋਹਤਬਰ ਵਿਅਕਤੀ ਸ਼ਾਮਿਲ ਹੋਏ।
ਇਸ ਮੌਕੇ ਡਾ ਰਾਜ ਕੁਮਾਰ ਜੀ ਨੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਆਮ ਆਦਮੀ ਕਲੀਨਿਕਾਂ ਰਾਹੀਂ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਪ੍ਰਤੀ ਵਚਨਵੱਧ ਹੈ । ਇਸੇ ਤਹਿਤ ਅੱਜ ਪਿੰਡ ਖੁਸ਼ਾਲਪੁਰ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਵਧੀਆ ਅਤੇ ਮੁਫਤ ਸਿਹਤ ਸੇਵਾਵਾਂ ਦੇਣ ਲਈ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ, ਜਿੱਥੇ ਇਲਾਕਾ ਨਿਵਾਸੀ ਆਪਣਾ ਮੁਫਤ ਇਲਾਜ ਤੇ ਮੁਫਤ ਦਵਾਈਆਂ ਲੈ ਸਕਦੇ ਹਨ। ਉਹਨਾਂ ਉੱਥੇ ਨਵ-ਤੈਨਾਤ ਮੈਡੀਕਲ ਅਫਸਰ ਅਤੇ ਕਲੀਨਿਕ ਦੇ ਬਾਕੀ ਸਟਾਫ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਅਤੇ ਕਲੀਨਿਕ ਵਿੱਚ ਆਉਣ ਵਾਲੇ ਮਰੀਜ਼ਾਂ ਨਾਲ ਅਪਣੱਤ ਭਰਿਆ ਵਤੀਰਾ ਅਪਣਾਉਣ ਨੂੰ ਕਿਹਾ।
ਇਸ ਦੌਰਾਨ ਸਿਵਲ ਸਰਜਨ ਡਾ ਡਮਾਣਾ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਵਿੱਚ ਓ.ਪੀ.ਡੀ ਸੇਵਾਵਾਂ, ਟੀਕਾਕਰਨ ਸੇਵਾਵਾਂ, ਲੈਬ-ਟੈਸਟ, ਜੱਚਾ-ਬੱਚਾ ਸੇਵਾਵਾਂ, ਪਰਿਵਾਰ ਨਿਯੋਜਨ ਸੇਵਾਵਾਂ ਵੀ ਉਪਲੱਬਧ ਹੋਣਗੀਆਂ, ਜਿਸ ਨਾਲ ਲੋਕਾਂ ਨੂੰ ਵਧੀਆ ਤੇ ਮਿਆਰੀ ਸਿਹਤ ਸਹੂਲਤਾਂ ਘਰ ਦੇ ਨੇੜੇ ਹੀ ਮਿਲ ਸਕਣ।