ਸਾਂਸਦ ਡਾ. ਰਾਜ ਕੁਮਾਰ ਅਤੇ ਮੰਤਰੀ ਜਿੰਪਾ ਵੱਲੋਂ ਨਵੀਂ ਅਨਾਜ ਮੰਡੀ ‘ਚ ਵਾਟਰ ਵਰਕਸ ਅਤੇ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਦਾ ਉਦਘਾਟਨ
21 ਲੱਖ ਰੁਪਏ ਦੀ ਲਾਗਤ ਨਾਲ ਵਾਟਰ ਵਰਕਸ ਅਤੇ ਟਿਊਬਵੈੱਲ ਦਾ ਕੰਮ ਹੋਇਆ ਮੁਕੰਮਲ
(TTT) ਹੁਸ਼ਿਆਰਪੁਰ ਦੀ ਨਵੀਂ ਅਨਾਜ ਮੰਡੀ ‘ਚ ਅੱਜ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਅਤੇ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ 21 ਲੱਖ ਰੁਪਏ ਦੀ ਲਾਗਤ ਨਾਲ ਬਣੇ ਵਾਟਰ ਵਰਕਸ ਅਤੇ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਦਾ ਉਦਘਾਟਨ ਐਤਵਾਰ ਨੂੰ ਕੀਤਾ। ਇਹ ਪ੍ਰਾਜੈਕਟ ਇਥੇ ਆਉਣ ਵਾਲੇ ਕਿਸਾਨਾਂ ਅਤੇ ਵਪਾਰੀਆਂ ਦੀ ਸਹੂਲਤ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਸਾਫ਼ ਪੀਣ ਯੋਗ ਪਾਣੀ ਦੀ ਮਿਲਣ ਵਿਚ ਕੋਈ ਦਿੱਕਤ ਨਾ ਹੋਵੇ। ਇਸ ਮੌਕੇ ‘ਤੇ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਇਹ ਵਾਟਰ ਵਰਕਸ ਕੰਮ ਮੰਡੀ ‘ਚ ਆਉਣ ਵਾਲੇ ਵਪਾਰੀਆਂ ਅਤੇ ਕਿਸਾਨਾਂ ਲਈ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਵੇਗਾ। ਇਸ ਦੌਰਾਨ ਮੰਡੀ ਵਿਚ ਕੰਮ ਕਰਨ ਵਾਲੇ ਆੜ੍ਹਤੀਆਂ ਨੇ ਆਪਣੀਆਂ ਸਮੱਸਿਆਵਾਂ ਸਾਂਸਦ ਅਤੇ ਮੰਤਰੀ ਦੇ ਸਾਹਮਣੇ ਰੱਖੀਆਂ, ਜਿਹਨਾਂ ਵਿੱਚ ਮੰਡੀ ਵਿਚ ਵਧੀਆ ਸਹੂਲਤਾਂ ਦੀ ਮੰਗ ਅਤੇ ਹੋਰ ਬੁਨਿਆਦੀ ਜ਼ਰੂਰਤਾਂ ਦੇ ਮੁੱਦੇ ਸ਼ਾਮਲ ਸਨ। ਸਾਂਸਦ ਡਾ. ਚੱਬੇਵਾਲ ਨੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਭਰੋਸਾ ਦਿਵਾਇਆ ਕਿ ਮੰਡੀ ਵਿੱਚ ਜ਼ਰੂਰੀ ਸੁਧਾਰ ਜਲਦ ਕੀਤੇ ਜਾਣਗੇ, ਤਾਂ ਜੋ ਕਿਸਾਨਾਂ ਅਤੇ ਵਪਾਰੀਆਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਨ੍ਹਾਂ ਨਾਲ ਡਾ.ਇਸ਼ਾਂਕ ਚੱਬੇਵਾਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਹ ਕੰਮ ਸਰਕਾਰ ਦੀ ਵਚਨਬੱਧਤਾ ਦਾ ਹਿੱਸਾ ਹੈ, ਜਿਸਦਾ ਮਕਸਦ ਸਥਾਨਕ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਅਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਕਿਸਾਨਾਂ ਅਤੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ ਅਤੇ ਇਸ ਦਿਸ਼ਾ ‘ਚ ਕਈ ਕੰਮ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਨੇ ਮੰਡੀ ਵਿਚ ਆੜ੍ਹਤੀਆਂ ਅਤੇ ਵਪਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਅਧਾਰ ‘ਤੇ ਹੱਲ ਕੀਤਾ ਜਾਵੇਗਾ। ਕੈਬਿਨੇਟ ਮੰਤਰੀ ਜਿੰਪਾ ਨੇ ਦੱਸਿਆ ਕਿ ਰਾਜ ਸਰਕਾਰ ਦੀਆਂ ਯੋਜਨਾਵਾਂ ਤਹਿਤ ਮੰਡੀਆਂ ਵਿੱਚ ਹੋਰ ਬੁਨਿਆਦੀ ਸਹੂਲਤਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ, ਜਿਸ ਨਾਲ ਵਪਾਰੀਆਂ ਅਤੇ ਕਿਸਾਨਾਂ ਦਾ ਕੰਮ ਆਸਾਨੀ ਨਾਲ ਚੱਲ ਸਕੇ। ਇਸ ਮੌਕੇ ‘ਤੇ ਐਕਸੀਅਨ ਮੰਡੀ ਬੋਰਡ ਦਿਲਪ੍ਰੀਤ ਸਿੰਘ, ਡੀਐਮਓ ਗੁਰਇਕਬਾਲ ਸਿੰਘ, ਸਕੱਤਰ ਵਿਨੋਦ ਕੁਮਾਰ, ਰੋਹਿਤ ਹਨੀ ਸੂਦ (ਪ੍ਰਧਾਨ ਦਾਣਾ ਮੰਡੀ), ਸੁਧੀਰ ਸੂਦ (ਜ਼ਿਲ੍ਹਾ ਪ੍ਰਧਾਨ ਆੜ੍ਹਤੀ ਯੂਨੀਅਨ), ਡਾ. ਪੰਕਜ ਸ਼ਿਵ, ਡਾ. ਇਸ਼ਾਂਕ ਕੁਮਾਰ, ਤਰਸੇਮ ਮੋਦਗਿੱਲ, ਨਰੇਂਦਰ ਮੋਹਨ, ਰਵੀ ਕੁਮਾਰ (ਪ੍ਰਧਾਨ ਸਬਜੀ ਮੰਡੀ), ਨਰੇਂਦਰ ਜੈਨ, ਵਿਸ਼ਾਲ ਬੰਸਲ, ਕੇਸ਼ਵ ਅਗਰਵਾਲ, ਸਮੀਰ ਸੂਦ, ਮਨਿੰਦਰ ਸਿੰਘ, ਅਨਿਲ ਗੁਪਤਾ, ਹਰਮੀਤ ਸਿੰਘ, ਸੁਰੇਸ਼ ਬੰਸਲ, ਅਕਸ਼ਿਤ ਨਾਗਪਾਲ, ਵਿਨੈ ਖੱਟਰ, ਰਾਜੀਵ ਮੁਦਗਿੱਲ, ਸੌਰਭ ਭੋਪਾਲ, ਡਾ. ਰਤਨ, ਕਾਲਾ ਲਬਾਣਾ, ਭੂਪਿੰਦਰ, ਪਰਵੀਨ, ਹਰੀ ਚੌਧਰੀ ਅਤੇ ਬਿੱਟੂ ਚੌਧਰੀ ਸਮੇਤ ਹੋਰ ਵਿਅਕਤੀਆਂ ਹਾਜ਼ਰ ਸਨ।