

ਹੁਸ਼ਿਆਰਪੁਰ, ( GBC UPDATE ):- ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਪੰਜਾਬ ਭਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ, ਜੋ ਕਿ ਇੱਕ ਸ਼ਲਾਘਾ ਯੋਗ ਕਦਮ ਹੈ।
ਇਸ ਸਬੰਧ ਵਿੱਚ ਇੱਕ ਮਾਮਲਾ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਦੀ ਇੱਕ ਟੀਮ ਵੱਲੋਂ ਫੌਜੀ ਕਲੋਨੀ ਨਜ਼ਦੀਕ ਸੂਰਜ ਕੁਮਾਰ ਪੁੱਤਰ ਅਵਿਨਾਸ਼ ਨੂੰ 110 ਖੁੱਲੀਆਂ ਨਸ਼ੀਲੀਆਂ ਗੋਲੀਆਂ ਸਹਿਤ ਕਾਬੂ ਕੀਤਾ ਗਿਆ। ਜਾਣਕਾਰੀ ਮੁਤਾਬਕ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ੍ਰੀ ਸੰਦੀਪ ਮਲਿਕ ਆਈਪੀਐਸ ਵੱਲੋਂ ਜ਼ਿਲ੍ਹੇ ਅੰਦਰ ਮਾੜੇ ਅਨਸਰਾਂ ਉੱਤੇ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ। ਇਸੇ ਦੇ ਤਹਿਤ ਸ਼੍ਰੀ ਮੁਕੇਸ਼ ਕੁਮਾਰ ਐਸਪੀ ਇਨਵੈਸਟੀਗੇਸ਼ਨ ਹੁਸ਼ਿਆਰਪੁਰ ਅਤੇ ਸ੍ਰੀ ਦਵਿੰਦਰ ਸਿੰਘ ਡੀਐਸਪੀ ਸਬ ਡਿਵੀਜ਼ਨ ਟਾਂਡਾ ਅਤੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਟਾਂਡਾ ਜੀ ਦੀ ਅਗਵਾਈ ਵਿੱਚ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਏ ਵਿੱਚ ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ ਵੱਖ ਤਰੀਕਿਆਂ ਨਾਲ ਕੰਮ ਕੀਤਾ ਜਾ ਰਿਹਾ ਹੈ। 09 ਅਪ੍ਰੈਲ 2025 ਨੂੰ ਪੁਲਿਸ ਪਾਰਟੀ ਨੂੰ ਉਦੋਂ ਇੱਕ ਵੱਡੀ ਸਫਲਤਾ ਮਿਲੀ ਜਦੋਂ ਫੌਜੀ ਕਲੋਨੀ ਨਜ਼ਦੀਕ ਪੁਲਿਸ ਪਾਰਟੀ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ ਤਾਂ ਇੱਕ ਮੋਨਾ ਨੌਜਵਾਨ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿੱਛੇ ਨੂੰ ਵਾਪਸ ਮੁੜਨ ਲੱਗਾ ਤਾਂ ਉਸ ਨੂੰ ਕਾਬੂ ਕਰ ਲਿਆ ਗਿਆ। ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 110 ਖੁੱਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਕਤ ਵਿਅਕਤੀ ਦੀ ਪਹਿਚਾਨ ਸੂਰਜ ਕੁਮਾਰ ਪੁੱਤਰ ਅਭਿਨਾਸ਼ ਵਾਸੀ ਵਾਰਡ ਨੰਬਰ 02 ਬਿਜਲੀ ਘਰ ਟਾਂਡਾ ਜ਼ਿਲ੍ਾ ਹੁਸ਼ਿਆਰਪੁਰ ਵਜੋਂ ਹੋਈ ਹੈ। ਏ ਐਸ ਆਈ ਦਰਸ਼ਨ ਸਿੰਘ ਥਾਣਾ ਟਾਂਡਾ ਨੇ ਦੱਸਿਆ ਕਿ ਸੂਰਜ ਕੁਮਾਰ ਨੂੰ ਮੌਕੇ ਤੇ ਗ੍ਰਿਫਤਾਰ ਕਰਕੇ ਮੁਕਦਮਾ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਉਕਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਵੀ ਬਰੇਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

