ਜ਼ਿਲ੍ਹੇ ਵਿੱਚ ਝੋਨੇ ਦੀ ਪਨੀਰੀ ਦੀ ਲੁਆਈ ਲਈ 21 ਜੂਨ ਨਿਰਧਾਰਤ
-ਕਿਸਾਨ ਝੋਨੇ ਦੀ ਅਗੇਤੀ ਲੁਆਈ ਤੋਂ ਕਰਨ ਗੁਰੇਜ਼ : ਡਿਪਟੀ ਕਮਿਸ਼ਨਰ
ਹੁੂਸ਼ਿਆਰਪੁਰ, 13 ਜੂਨ(ਬਜਰੰਗੀ ਪਾਂਡੇ):ਲਗਾਤਾਰ ਡਿੱਗ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਪੰਜਾਬ ਸਰਕਾਰ ਵਲੋਂ ਸਮੁੱਚੇ ਪੰਜਾਬ ਵਿੱਚ ਝੋਨੇ ਦੀ ਲੁਆਈ ਅਤੇ ਕੱਦੂ ਕਰਕੇ ਝੋਨੇ ਦੀ ਕਾਸ਼ਤ ਲਈ ਪਨੀਰੀ ਦੀ ਖੇਤਾਂ ਵਿੱਚ ਲੁਆਈ ਦੀਆਂ ਮਿਤੀਆਂ ਸਬੰਧੀ ਨੋਟੀਫਿਕੇਸ਼ਨ ਮਿਤੀ 15.05.2023 ਨੂੰ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਝੋਨੇ ਦੀ ਪਨੀਰੀ ਦੀ ਲੁਆਈ ਲਈ ਮਿਤੀ 21 ਜੂਨ ਨਿਰਧਾਰਤ ਕੀਤੀ ਗਈ ਹੈ ਅਤੇ ਇਸ ਦੌਰਾਨ ਫਸਲ ਲਈ ਪਾਣੀ ਦੀ ਪੂਰਤੀ ਵਾਸਤੇ ਲੋੜੀਂਦੀ ਬਿਜਲੀ ਵੀ ਮੁਹੱਈਆ ਕਰਵਾਈ ਜਾਵੇਗੀ। ਕੱਦੂ ਕਰਕੇ ਝੋਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਪਨੀਰੀ ਦੀ ਅਗੇਤੀ ਲੁਆਈ ਤੋਂ ਗੁਰੇਜ਼ ਕਰਨ ਤਾਂ ਜੋ ਜ਼ਮੀਨ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ ਅਤੇ ਉਪਲਬੱਧ ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕੇ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਦੱਸਿਆ ਕਿ ਅਗੇਤੀ ਲੁਆਈ ਵਾਲੇ ਝੋਨੇ ਦੀ ਫਸਲ ’ਤੇ ਪਿਛਲੇ ਸਾਲ ਦੌਰਾਨ ਝੋਨੇ ਦੀ ਮਧਰੇਪਣ ਦੀ ਬਿਮਾਰੀ ਵੱਧ ਦੇਖਣ ਨੂੰ ਮਿਲੀ ਸੀ। ਇਸ ਲਈ ਨਿਰਧਾਰਤ ਮਿਤੀ ਤੋਂ ਹੀ ਝੋਨੇ ਦੀ ਲੁਆਈ ਖੇਤਾਂ ਵਿੱਚ ਕੀਤੀ ਜਾਵੇ ਤਾਂ ਜੋ ਪਾਣੀ ਦੀ ਹੋਣ ਵਾਲੀ ਵਧੇਰੇ ਖਪਤ ਨੂੰ ਘਟਾਇਆ ਜਾ ਸਕੇ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਬਲਾਕ ਹੁਸ਼ਿਆਰਪੁਰ—2 ਦੇ ਪਿੰਡ ਪੱਟੀ ਅਤੇ ਬਲਾਕ ਟਾਂਡਾ ਦੇ ਪਿੰਡ ਰਾਣੀ ਵਿਖੇ ਕਿਸਾਨਾਂ ਵਲੋਂ ਨਿਰਧਾਰਤ ਮਿਤੀ ਤੋਂ ਪਹਿਲਾਂ ਝੋਨੇ ਦੀ ਲੁਆਈ ਦੇ ਕੇਸ ਸਾਹਮਣੇ ਆਏ ਸਨ, ਜਿਸ ਸਬੰਧੀ ਕਾਰਵਾਈ ਕਰਦਿਆਂ ਪੰਜਾਬ ਪਰਿਜ਼ਰਵੇਸ਼ਨ ਆਫ ਸਬ—ਸਾਇਲ ਵਾਟਰ ਐਕਟ, 2009 ਦੀ ਉਲੰਘਣਾ ਕਰਨ ਵਾਲੇ ਸਬੰਧਤ ਕਿਸਾਨਾਂ ਦਾ ਅਗੇਤਾ ਝੋਨਾ ਖੇਤਾਂ ਵਿੱਚ ਹੀ ਵਾਹ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਕਿਸਾਨ ਨੂੰ ਅਗੇਤਾ ਝੋਨਾ ਨਹੀਂ ਲਗਾਉਣ ਦਿੱਤਾ ਜਾਵੇਗਾ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਵਿੱਚ ਪੂਰਨ ਸਹਿਯੋਗ ਕਰਨ ਦੀ ਅਪੀਲ ਕੀਤੀ।