
ਕੇਂਦਰ ’ਚ ਮੁਫਤ ਇਲਾਜ ਤੋਂ ਇਲਾਵਾ ਵੱਖ-ਵੱਖ ਸਹੂਲਤਾਂ ਉਪਲਬੱਧ : ਆਸ਼ਿਕਾ ਜੈਨ

ਓਟ ਕਲੀਨਿਕਾਂ ਜਾਂ ਹੋਰ ਜਾਣਕਾਰੀਆਂ ਲਈ ਹੈਲਪਲਾਈਨ ਜਾਂ ਫੋਨ ਨੰਬਰ ’ਤੇ ਕੀਤਾ ਜਾ ਸਕਦੈ ਸੰਪਰਕ
ਹੁਸ਼ਿਆਰਪੁਰ, 29 ਮਾਰਚ :(TTT) ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਦੀ ਗ੍ਰਿਫਤ ਵਿਚ ਆਏ ਵਿਅਕਤੀਆਂ ਦੇ ਮੁੜ ਵਸੇਬੇ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਕੇ ਇਨ੍ਹਾਂ ਵਿਅਕਤੀਆਂ ਨੂੰ ਜ਼ਿਲ੍ਹਾ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਦੀ ਮਦਦ ਨਾਲ ਨਸ਼ਾ ਛੁਡਾ ਕੇ ਸਿਹਤਮੰਦ ਜੀਵਨ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ਿਆਂ ਤੋਂ ਛੁਟਕਾਰਾ ਸੰਭਵ ਹੈ ਜਿਸ ਲਈ ਜ਼ਿਲ੍ਹਾ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਦੀ ਮਦਦ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੀ ਆਦਤ ਪਾ ਚੁੱਕੇ ਵਿਅਕਤੀਆਂ ਲਈ ਕੇਂਦਰ ਵਲੋਂ ਕਈ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਮੁਫਤ ਇਲਾਜ ਤੋਂ ਇਲਾਵਾ ਕਾਊਂਸਲਿੰਗ, ਕਿੱਤਾਮੁਖੀ ਗਤੀਵਿਧੀਆਂ, ਯੋਗ, ਕਸਰਤ, ਖੇਡਾਂ, ਜਿੰਮ, ਸੁਖਾਵਾਂ ਅਤੇ ਸਿਹਤਮੰਦ ਵਾਤਾਵਰਣ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਵਿਖੇ ਵੱਖ-ਵੱਖ ਮਾਹਿਰਾਂ ਵਲੋਂ ਇਨ੍ਹ ਵਿਅਕਤੀਆਂ ਦੇ ਨਸ਼ਾ ਛੁਡਾਉਣ ਅਤੇ ਮੁੜ ਵਸੇਬੇ ਲਈ ਬਹੁਤ ਹੀ ਸੁਚੱਜੇ ਢੰਗ ਨਾਲ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਜਿਸ ਦਾ ਲਾਭ ਲੈ ਕੇ ਯਕੀਨਣ ਨਸ਼ਾ ਛੱਡਿਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਨਸ਼ਿਆਂ ਦੀ ਲਤ ਲਾ ਚੁੱਕੇ ਵਿਅਕਤੀਆਂ ਦੇ ਇਲਾਜ ਲਈ ਜ਼ਿਲ੍ਹਾ ਵਿਚ ਵੱਖ-ਵੱਖ ਥਾਵਾਂ ’ਤੇ ਓ.ਓ.ਏ.ਟੀ. (ਓਟ ਕਲੀਨਿਕ) ਚੱਲ ਰਹੇ ਹਨ ਜਿਥੇ ਮਾਹਿਰ ਡਾਕਟਰ ਨਸ਼ਾ ਛੁਡਾਉਣ ਲਈ ਰੋਜ਼ਾਨਾ ਮਰੀਜਾਂ ਦਾ ਚੈਕਅੱਪ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਓਟ ਕਲੀਨਿਕਾਂ ਦੀ ਜਾਣਕਾਰੀ ਲਈ 24X7 ਹੈਲਪਲਾਈਨ ਨੰਬਰ 85580-01882 ਚੱਲ ਰਹੀ ਹੈ ਜਿਸ ਰਾਹੀਂ ਮਰੀਜ਼ ਆਪਣੇ ਨੇੜਲੇ ਓਟ ਕਲੀਨਿਕ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮਰੀਜਾਂ ਦਾ ਮੁਫ਼ਤ ਇਲਾਜ ਦੇ ਨਾਲ-ਨਾਲ ਉਨ੍ਹਾਂ ਦੀ ਸਾਰੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਅਜਿਹੇ ਕਿਸੇ ਵਿਅਕਤੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਉਸ ਨੂੰ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਵਿਚ ਦਾਖਲ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ddchsp@gmail.com ਜਾਂ ਫੋਨ ਨੰਬਰ 01882-244636 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਜ਼ਿਲ੍ਹਾ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਦੀ ਸਮਰੱਥਾ ਵਿਚ ਹੋਰ ਵਾਧਾ ਕਰਨ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਐਸ.ਐਸ.ਪੀ. ਅਤੇ ਹੋਰਨਾਂ ਸਬੰਧਤ ਅਧਿਕਾਰੀਆਂ ਸਮੇਤ ਕੇਂਦਰ ਦਾ ਦੋ ਵਾਰ ਦੌਰਾ ਕਰ ਲਿਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਜਲਦ ਹੀ ਇਸ ਸਬੰਧੀ ਖਾਕਾ ਤਿਆਰ ਕਰਕੇ ਉਸ ਨੂੰ ਅਮਲੀ ਰੂਪ ਦਿੱਤਾ ਜਾਵੇਗਾ।
ਕੈਪਸ਼ਨ: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਜ਼ਿਲ੍ਹਾ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਬਾਰੇ ਜਾਣਕਾਰੀ ਦਿੰਦੇ ਹੋਏ।
