ਪ.ਸ.ਸ.ਫ. ਤਹਿਸੀਲ ਹੁਸ਼ਿਆਰਪੁਰ ਦੀ ਮੀਟਿੰਗ ਵਿੱਚ 9 ਦੀ ਰੈਲੀ ਸਬੰਧੀ ਉਲੀਕਿਆਂ ਪ੍ਰੋਗਰਾਮ
ਹੁਸ਼ਿਆਰਪੁਰ, 31 ਜੁਲਾਈ (TTT) ਸੂਬੇ ਦੇ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਜੱਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਤਹਿਸੀਲ ਹੁਸ਼ਿਆਰਪੁਰ ਦੀ ਮੀਟਿੰਗ ਤਹਿਸੀਲ ਪ੍ਰਧਾਨ ਰਾਜ ਕੁਮਾਰ ਦੀ ਪ੍ਰਧਾਨਗੀ ਹੇਠ ਮੁਲਾਜ਼ਮ ਭਵਨ ਹੁਸ਼ਿਆਰਪੁਰ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਜੱਥੇਬੰਦੀ ਦੇ ਤਹਿਸੀਲ ਜਨਰਲ ਸਕੱਤਰ ਰਕੇਸ਼ ਕੁਮਾਰ ਮਹਿਲਾਂਵਾਲੀ ਨੇ ਦੱਸਿਆ ਕਿ ਮੀਟਿੰਗ ਦੇ ਆਰੰਭ ਪਿਛਲੇ ਕੀਤੇ ਐਕਸ਼ਨਾਂ ਦਾ ਰਿਵਿਊ ਕੀਤਾ ਗਿਆ ਅਤੇ ਸਾਂਝੇ ਸੰਘਰਸ਼ ਦੇ ਪ੍ਰੋਗਰਾਮਾਂ ਵਿੱਚ ਜੱਥੇਬੰਦੀ ਵਲੋਂ ਪਾਏ ਯੋਗਦਾਨ ਸਬੰਧੀ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ। ਪ.ਸ.ਸ.ਫ. ਦੇ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਵਿਰਦੀ ਵਲੋਂ ਜੱਥੇਬੰਦੀ ਦੇ ਉਲੀਕੇ ਗਏ ਸੰਘਰਸ਼ਾਂ ਸਬੰਧੀ ਜਾਣਕਾਰੀ ਦੱਸਦਿਆਂ ਮਿਤੀ 21 ਜੁਲਾਈ ਨੂੰ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਉਲੀਕੇ ਗਏ ਸੰਘਰਸ਼ਾਂ ਦੀ ਜਾਣਕਾਰੀ ਦਿੱਤੀ। ਮਿਤੀ 22 ਜੁਲਾਈ ਤੋਂ 14 ਅਗਸਤ ਤੱਕ ਕੀਤੀਆਂ ਜਾ ਰਹੀਆਂ ਬਲਾਕ/ ਤਹਿਸੀਲ ਪੱਧਰੀ ਰੈਲੀਆਂ ਕਰਨ ਦੇ ਸਬੰਧ ਵਿਚ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਮਿਤੀ 9 ਅਗਸਤ ਦਿਨ ਸ਼ੁੱਕਰਵਾਰ ਨੂੰ ਮਿੰਨੀ ਸਕੱਤਰੇਤ ਵਿਖੇ ਤਹਿਸੀਲ ਪੱਧਰੀ ਰੈਲੀ ਠੀਕ ਦੁਪਹਿਰ 2 ਵਜੇ ਕੀਤੀ ਜਾਵੇਗੀ।ਇਸ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਮੀਟਿੰਗ ਵਿੱਚ ਵੱਖ-ਵੱਖ ਜੱਥੇਬੰਦੀਆਂ ਨੂੰ ਮੁਲਾਜ਼ਮਾਂ ਦਾ ਕੋਟਾ ਵੀ ਲਗਾਇਆ ਗਿਆ ਅਤੇ ਜੱਥੇਬੰਦੀਆਂ ਦੇ ਆਗੂਆਂ ਵਲੋਂ ਕੋਟੇ ਤੋਂ ਵੱਧ ਸ਼ਮੂਲੀਅਤ ਦਾ ਵਾਅਦਾ ਕੀਤਾ। ਇਸ ਉਪਰੰਤ ਮਿਤੀ 14 ਸਤੰਬਰ ਨੂੰ ਕੀਤੀ ਜਾਣ ਵਾਲੀ ਜ਼ਿਲ੍ਹਾ ਪੱਧਰੀ ਰੈਲੀ ਸਬੰਧੀ ਵੀ ਤਿਆਆਰ ਰਹਿਣ ਦੀ ਜਾਣਕਾਰੀ ਦਿੱਤੀ ਗਈ। ਮੀਟਿੰਗ ਵਿੱਚ ਤਹਿਸੀਲ ਵਿੱਤ ਸਕੱਤਰ ਰਣਵੀਰ ਠਾਕੁਰ ਵਲੋਂ ਵਿੱਤ ਸਬੰਧੀ ਰਿਪੋਰਟ ਪੇਸ਼ ਕੀਤੀ ਅਤੇ ਜੱਥੇਬੰਦੀਆਂ ਦੇ ਰਹਿੰਦੇ ਬਕਾਏ ਜਮਾਂ ਕਰਵਾਉਣ ਦੀ ਅਪੀਲ ਕੀਤੀ। ਮੀਟਿੰਗ ਦੇ ਅੰਤ ਵਿੱਚ ਤਹਿਸੀਲ ਪ੍ਰਧਾਨ ਵਲੋਂ ਹਾਜਰ ਆਗੂਆਂ ਦਾ ਧੰਨਵਾਦ ਕਰਦਿਆਂ ਮਿਤੀ 9 ਅਗਸਤ ਦੀ ਤਹਿਸੀਲ ਪੱਧਰੀ ਰੈਲੀ ਸਹਿਤ ਭਵਿੱਖ ਵਿੱਚ ਉਲੀਕੇ ਗਏ ਬਾਕੀ ਸੰਘਰਸ਼ਾਂ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜੱਥੇਬੰਦੀ ਦੇ ਸਾਬਕਾ ਸੂਬਾ ਵਿੱਤ ਸਕੱਤਰ ਮਨਜੀਤ ਸਿੰਘ ਸੈਣੀ, ਲੈਂਬਰ ਸਿੰਘ ਧਾਮੀ, ਬਿਕਰਮ ਸਿੰਘ, ਮਨਜੀਤ ਬਾਜਵਾ, ਰਾਜ ਕੁਮਾਰ ਜਲ ਸਰੋਤ, ਜੈਪਾਲ ਆਦਿ ਆਗੂ ਵੀ ਹਾਜਰ ਸਨ।